- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਸਹਿਰਾ ਬਣਿਆ ਵੱਡਾ ਮੁੱਦਾ

ਵੱਖ-ਵੱਖ ਹਿੰਦੂ ਜਥੇਬੰਦੀਆਂ ਨੇ ਵੀ ਉਸੇ ਥਾਂ ਤੇ ਹੀ ਦੁਸਹਿਰਾ ਮਨਾਉਣ ਸਬਧੀ ਦਿੱਤਾ ਸਮਰਥਨ
ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਬਟਾਲਾ ’ਚ ਦੁਸਹਿਰੇ ਨੂੰ ਲੈ ਕੇ ਚੱਲ ਰਿਹਾ ਵਾਦ ਵਿਵਾਦ ਹੋਰ ਭਖ ਗਿਆ ਹੈ। ਪੁਲਿਸ ਤੇ ਪ੍ਰਸ਼ਾਸਨ ਵੱਲੋਂ ਐੱਸਐੱਲ ਡੀਏਵੀ ਕਾਲਜ ਦੀ ਗਰਾਊਂਡ ਵਿਖੇ ਦੁਸਹਿਰਾ ਮਨਾਉਣ ਸਬੰਧੀ ਮੰਦਰ ਕਮੇਟੀ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ, ਜਿਸ ਨੂੰ ਲੈ ਕੇ ਬੀਤੀ ਰਾਤ ਮੰਦਰ ਕਮੇਟੀ ਅਤੇ ਪੁਲਿਸ ਪ੍ਰਸ਼ਾਸਨ ’ਚ ਤਲਖੀ ਦੇਖਣ ਨੂੰ ਮਿਲੀ। ਉਧਰ ਐਤਵਾਰ ਨੂੰ ਦੁਸਹਿਰਾ ਮਨਾਉਣ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਅੱਜ ਨਵਾਂ ਮੋੜ ਲੈ ਲਿਆ ਹੈ। ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈੰਤੀਪੁਰ ਵੱਲੋਂ ਦੁਸਹਿਰੇ ਦੇ ਪ੍ਰਬੰਧਾਂ ਨੂੰ ਲੈ ਕੇ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ।
ਸ੍ਰੀ ਅਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਬਟਾਲਾ ਵੱਲੋਂ ਦੁਸਹਿਰੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਮੰਦਰ ਟਰੱਸਟ ਦੇ ਮੁੱਖ ਸੇਵਾਦਾਰ ਪਵਨ ਕੁਮਾਰ ਪੰਮਾ ਅਤੇ ਸਮੂਹ ਟਰੱਸਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਰਮਾਇਣ ਜੀ ਦਾ ਪਾਠ ਆਰੰਭ ਕਰ ਦਿੱਤਾ ਗਿਆ ਹੈ, ਜਿਸ ਦਾ ਭੋਗ 20 ਅਕਤੂਬਰ ਦਿਨ ਮੰਗਲਵਾਰ ਨੂੰ ਦੁਸਹਿਰੇ ਵਾਲੇ ਦਿਨ ਪਾਇਆ ਜਾਵੇਗਾ। ਕਾਲਜ ਦੀ ਗਰਾਊਂਡ ’ਚ ਦਸਹਿਰਾ ਮਨਾਉਣ ਨੂੰ ਲੈ ਕੇ ਬੀਤੇ ਕੁਝ ਦਿਨਾਂ ਤੋਂ ਸ੍ਰੀ ਅਚਲੇਸ਼ਵਰ ਧਾਮ ਮੰਦਰ ਕਮੇਟੀ ਟਰਸਟ ਵੱਲੋਂ ਪ੍ਰਸ਼ਾਸਨ ਵੱਲੋਂ ਰਾਜਨੀਤੀ ਦਬਾਅ ਦੇ ਅਧੀਨ ਉਕਤ ਜਗ੍ਹਾ ਤੇ ਦੁਸਹਿਰਾ ਨਾ ਮਨਾਉਣ ਦੀ ਗੱਲ ਕੀਤੀ ਜਾ ਰਹੀ ਹੈ। ਐਤਵਾਰ ਨੂੰ ਕਾਲਜ ਦੀ ਗਰਾਊਂਡ ਵਿਖੇ ਸ਼੍ਰੀ ਰਾਮਾਇਣ ਜੀ ਦੇ ਪਾਠ ਆਰੰਭ ਕਰ ਦਿੱਤੇ ਗਏ ਅਤੇ ਮੰਦਰ ਕਮੇਟੀ ਨੇ ਦਾਅਵਾ ਕੀਤਾ ਹੈ ਕਿ ਸੰਗਤਾਂ ਦੀ ਪਰਮਿਸ਼ਨ ਅਤੇ ਮੰਗ 'ਤੇ ਹੀ ਇਹ ਫੈਸਲਾ ਲਿਆ ਗਿਆ ਹੈ। ਸੰਗਤਾਂ ਹੁੰਮ-ਹੁਮਾ ਕੇ ਦੁਸਹਿਰੇ ਵਿੱਚ ਸ਼ਾਮਿਲ ਹੋਣਗੀਆਂ ਅਤੇ ਇਸ ਵਾਰ ਗਰੀਨ ਦੁਸਹਿਰਾ ਮਨਾਇਆ ਜਾਵੇਗਾ ਤਾਂ ਜੋ ਵਾਤਾਵਰਨ ਨੂੰ ਵੀ ਸਾਫ-ਸੁਥਰਾ ਰੱਖਿਆ ਜਾ ਸਕੇ।
ਵੱਖ-ਵੱਖ ਜਥੇਬੰਦੀਆਂ ਦਾ ਸਮਰਥਨ ਵੀ ਮਿਲਿਆ.....
ਇਸ ਮਾਮਲੇ 'ਚ ਸਿਆਸੀ ਗਲਿਆਰਿਆਂ 'ਚ ਵੀ ਹਲਚਲ ਤੇਜ਼ ਹੋ ਗਈ ਹੈ। ਭਾਜਪਾ ਆਗੂ ਅਤੇ ਸਨਾਤਨ ਪੰਥ ਦੇ ਪ੍ਰਧਾਨ ਅਸ਼ਵਨੀ ਸੇਖੜੀ ਵੱਲੋਂ ਵੀ ਦੁਸਹਿਰਾ ਮਨਾਉਣ ਦਾ ਪੂਰਨ ਸਮਰਥਨ ਦਿੱਤਾ ਗਿਆ ਹੈ। ਅਸ਼ਵਨੀ ਸੇਖੜੀ ਨੇ ਕਿਹਾ ਕਿ ਉਹ ਸੰਗਤਾਂ ਦੀ ਆਸਥਾ ਮੁੱਖ ਰੱਖਦਿਆਂ ਕਾਲਜ ਦੀ ਗਰਾਊਂਡ ’ਚ ਮਨਾਏ ਜਾ ਰਹੇ ਦੁਸਹਿਰੇ ’ਚ ਸ਼ਾਮਿਲ ਹੋਣਗੇ ਅਤੇ ਸ਼ਹਿਰ ਦੀਆਂ ਸੰਗਤਾਂ ਵੀ ਵੱਧ ਚੜ੍ਹ ਕੇ ਸ਼ਾਮਿਲ ਹੋਣਗੀਆਂ। ਉਧਰ ਕਾਂਗਰਸ ਪਾਰਟੀ ਦੇ ਆਗੂ ਵੀ ਦਿਨ ਰਾਤ ਕਾਲਜ ਦੀ ਗਰਾਊਂਡ ਚ ਦੁਸ਼ਹਿਰਾ ਮਨਾਉਣ ਨੂੰ ਲੈ ਕੇ ਪੱਬਾਂਭਾਰ ਹੋਏ ਪਏ ਹਨ। ਸ੍ਰੀ ਅਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਦੇ ਨਾਲ ਸ਼ਿਵ ਸੈਨਾ ਆਗੂ ਰਾਜਾ ਵਾਲੀਆ, ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਰਮੇਸ਼ ਨਈਅਰ ਅਤੇ ਹੋਰ ਵੀ ਹਿੰਦੂ ਜਥੇਬੰਦੀਆਂ ਅੱਗੇ ਆਈਆਂ ਹਨ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਲਾਂ ਤੋਂ ਇਸ ਗਰਾਊਂਡ 'ਚ ਦੁਸਹਿਰਾ ਮਨਾਇਆ ਜਾਂਦਾ ਆ ਰਿਹਾ ਹੈ ਅਤੇ ਇਸ ਪਰੰਪਰਾ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ।
ਸ੍ਰੀ ਅਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਦੇ ਮੁੱਖ ਸੇਵਾਦਾਰ ਪਵਨ ਕੁਮਾਰ ਪੰਮਾ ਨੇ ਦੱਸਿਆ ਕਿ ਕਾਂਗਰਸ ਦੇ ਕੇਂਦਰੀ ਆਗੂ ਸਚਿਨ ਪਾਇਲਟ, ਸੂਬਾ ਪ੍ਰਧਾਨ ਪ੍ਰਗਟ ਸਿੰਘ ਅਤੇ ਐੱਮ.ਪੀ ਸੁਖਜਿੰਦਰ ਰੰਧਾਵਾ ਵੀ ਸਵੇਰੇ 10 ਵਜੇ ਪਹੁੰਚ ਰਹੇ ਹਨ।
ਏਡੀਸੀ ਗੁਰਦਾਸਪੁਰ ਅਤੇ ਐਸਡੀਐਮ ਦੇਖ ਰਹੇ ਹਨ ਸਾਰਾ ਮਾਮਲਾ: ਡੀਐੱਸਪੀ
ਕਾਲਜ ਗਰਾਊਂਡ ’ਚ ਦਸਹਿਰਾ ਮਨਾਉਣ ਨੂੰ ਲੈ ਕੇ ਚੱਲ ਰਹੇ ਮਾਮਲੇ ਸਬੰਧੀ ਡੀਐੱਸਪੀ ਸਿਟੀ ਸੁੱਖਇੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਕਤ ਮਾਮਲਾ ਏਡੀਸੀ ਗੁਰਦਾਸਪੁਰ ਤੇ ਐੱਸਡੀਐਮ ਬਟਾਲਾ ਦੇਖ ਰਹੇ ਹਨ ਅਤੇ ਉਹਨਾਂ ਵੱਲੋਂ ਹੀ ਇਸ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਜਾ ਸਕਦੀ ਹੈ।