ਜ਼ਿਲ੍ਹੇ ’ਚ 35 ਜਗ੍ਹਾ ਲੱਗੇਗਾ ਦੁਸਹਿਰਾ ਮੇਲਾ, ਗੁਰਦਾਸਪੁਰ ਵਿੱਚ ਦੋ ਜਗ੍ਹਾਂ ਮੁੱਖ ਆਯੋਜਨ ਜ਼ਿਲ੍ਹੇ ਵਿੱਚ 35 ਜਗ੍ਹਾਂ ਲੱਗੇਗਾ ਦੁਸਹਿਰਾ ਮੇਲਾ, ਗੁਰਦਾਸਪੁਰ ਵਿੱਚ ਦੋ ਜਗ੍ਹਾਂ ਮੁੱਖ ਆਯੋਜਨ
Publish Date: Sun, 18 Oct 2026 05:14 PM (IST)
Updated Date: Mon, 19 Oct 2026 04:03 AM (IST)
- 55 ਫੁੱਟ ਦੇ ਪੁਤਲਿਆਂ ਦਾ ਹੋਵੇਗਾ ਦਹਿਨ, ਪੁਤਲਿਆਂ ਨੂੰ ਆਕਰਸ਼ਕ ਰੂਪ ਦੇਣ ਦੇ ਨਾਲ ਆਤਿਸ਼ਬਾਜ਼ੀ ਦੀ ਵੀ ਵਿਵਸਥਾ ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਸ਼ਹਿਰ ’ਚ ਇਸ ਵਾਰ ਵੀ ਦੁਸਹਿਰੇ ਦਾ ਉਤਸਵ ਦੋ ਵੱਖ-ਵੱਖ ਮੈਦਾਨਾਂ ਵਿੱਚ ਆਯੋਜਿਤ ਹੋਵੇਗਾ। ਸ਼ਹਿਰ ਨੂੰ ਇੱਕ ਮੰਚ ਤੇ ਲਿਆ ਕੇ ਦੁਸਹਿਰਾ ਮਨਾਉਣ ਦੀ ਉਮੀਦ ਇਸ ਵਾਰ ਵੀ ਪੂਰੀ ਨਹੀਂ ਹੋ ਸਕੀ। ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਦੋ ਵੱਖ-ਵੱਖ ਦੁਸਹਿਰਾ ਆਯੋਜਨਾਂ ਦੀ ਪਰੰਪਰਾ ਇਸ ਸਾਲ ਵੀ ਜਾਰੀ ਰਹੇਗੀ। ਸ਼ਹਿਰ ਵਿੱਚ ਦੋਨਾਂ ਆਯੋਜਨਾਂ ਨੂੰ ਲੈ ਕੇ ਕਮੇਟੀਆਂ ਦੀਆਂ ਤਿਆਰੀਆਂ ਅੰਤਿਮ ਪੜਾਅ ਤੇ ਪਹੁੰਚ ਚੁੱਕੀਆਂ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਦੋਨਾਂ ਆਯੋਜਨਾਂ ਨੂੰ ਮੰਜ਼ੂਰੀ ਮਿਲ ਗਈ ਹੈ। ਸ਼ਹਿਰ ਵਿੱਚ ਇੱਕ ਆਯੋਜਨ ਹਰਦੋਛਨੀ ਰੋਡ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐੱਨਡੀਯੂ) ਕੈਂਪਸ ਦੇ ਸਾਹਮਣੇ ਸਥਿਤ ਮੈਦਾਨ ਵਿੱਚ ਹੋਵੇਗਾ, ਜਦਕਿ ਦੂਜਾ ਆਯੋਜਨ ਇੰਪਰੂਵਮੈਂਟ ਟਰੱਸਟ ਦੀ ਸਕੀਮ ਨੰਬਰ-7, ਬਟਾਲਾ ਰੋਡ ਸਥਿਤ ਮੈਦਾਨ ਵਿੱਚ ਹੋਵੇਗਾ। ਦੋਨਾਂ ਦੁਸਹਿਰਾ ਕਮੇਟੀਆਂ ਵੱਲੋਂ ਆਯੋਜਨ ਦੀ ਆਗਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਕੋਲ ਅਰਜ਼ੀ ਕੀਤੀ ਗਈ ਸੀ। ਪ੍ਰਸ਼ਾਸਨ ਨੇ ਦੋਨਾਂ ਆਯੋਜਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜ਼ਿਲ੍ਹੇ ਵਿੱਚ ਕਰੀਬ 35 ਜਗ੍ਹਾਂ ਤੇ ਦੁਸਹਿਰੇ ਮੇਲੇ ਦੇ ਆਯੋਜਨ ਹੋਣਗੇ ਜਿੰਨਾਂ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਗਈਆਂ ਹਨ। ਬਟਾਲਾ ਰੋਡ ਸਥਿਤ ਮੈਦਾਨ ਵਿੱਚ ਆਯੋਜਿਤ ਹੋਣ ਵਾਲੇ ਦੁਸਹਿਰਾ ਸਮਾਰੋਹ ਵਿੱਚ ਕਾਂਗਰਸ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉੱਥੇ ਜੀਐੱਨਡੀਯੂ ਕੈਂਪਸ ਦੇ ਸਾਹਮਣੇ ਹੋਣ ਵਾਲੇ ਦੁਸਹਿਰਾ ਸਮਾਰੋਹ ਵਿੱਚ ਹਲਕਾ ਇੰਚਾਰਜ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਪਹੁੰਚਣਗੇ। ਦੋਨਾਂ ਸਥਾਨਾਂ ਤੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ ਦੁਸਹਿਰੇ ਦਾ ਮੁੱਖ ਆਕਰਸ਼ਣ ਰਾਵਣ ਦਹਿਣ ਰਹੇਗਾ। ਦੁਸਹਿਰਾ ਮੇਲੇ ਨੂੰ ਆਕਰਸ਼ਕ ਬਣਾਉਣ ਲਈ ਦੋਨਾਂ ਕਮੇਟੀਆਂ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਆਯੋਜਕਾਂ ਅਨੁਸਾਰ ਇਸ ਵਾਰ ਰਾਵਣ, ਮੇਘਨਾਥ ਅਤੇ ਕੁੰਭਕਰਣ ਦੇ ਕਰੀਬ 55 ਫੁੱਟ ਉੱਚੇ ਪੁਤਲੇ ਤਿਆਰ ਕੀਤੇ ਜਾ ਰਹੇ ਹਨ। ਪੁਤਲਿਆਂ ਨੂੰ ਆਕਰਸ਼ਕ ਰੂਪ ਦੇਣ ਦੇ ਨਾਲ ਇਨ੍ਹਾਂ ਵਿੱਚ ਆਤਿਸ਼ਬਾਜ਼ੀ ਦੀ ਵੀ ਵਿਆਪਕ ਵਿਵਸਥਾ ਕੀਤੀ ਗਈ ਹੈ। ਰਾਵਣ ਦਹਿਣ ਤੋਂ ਪਹਿਲਾਂ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਨਾਲ ਮੇਲੇ ਵਿੱਚ ਪਹੁੰਚਣ ਵਾਲੇ ਲੋਕਾਂ ਲਈ ਵਿਸ਼ੇਸ਼ ਆਕਰਸ਼ਣ ਰਹੇਗਾ। ਦੁਸਹਿਰਾ ਮੇਲਾ ਕਮੇਟੀ ਦੇ ਪ੍ਰਧਾਨ ਜੋਗਿੰਦਰ ਪਾਲ ਸਿੰਘ ਕਾਲੀਆ ਅਤੇ ਦ ਗੁਰਦਾਸਪੁਰ ਦੁਸਹਿਰਾ ਮੇਲਾ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਰਿਆੜ ਨੇ ਦੱਸਿਆ ਕਿ ਆਯੋਜਨ ਨੂੰ ਲੈ ਕੇ ਜ਼ਰੂਰੀ ਵਿਵਸਥਾਵਾਂ ਲਗਭਗ ਪੂਰੀਆਂ ਕਰ ਲਈਆਂ ਗਈਆਂ ਹਨ। ਦੋਨਾਂ ਸਥਾਨਾਂ ਤੇ ਵੱਡੀ ਸੰਖਿਆ ਵਿੱਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਨੂੰ ਦੇਖਦਿਆਂ ਭੀੜ ਪ੍ਰਬੰਧਨ ਅਤੇ ਹੋਰ ਲੋੜੀਂਦੇ ਇੰਤਜ਼ਾਮ ਕੀਤੇ ਜਾ ਰਹੇ ਹਨ, ਤਾਂ ਜੋ ਦੁਸਹਿਰਾ ਦੇਖਣ ਆਉਣ ਵਾਲੇ ਸ਼ਹਿਰਵਾਸੀਆਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।