ਰਾਵੀ ’ਚ ਪਾਣੀ ਦਾ ਪੱਧਰ ਵਧਣ ਕਰ ਕੇ ਮਕੌੜਾ ਪੱਤਣ 'ਤੇ ਕਿਸ਼ਤੀ ਵੀ ਹੋਈ ਬੰਦ, ਸੱਤ ਪਿੰਡ ਬਣੇ ਟਾਪੂ ਰਾਵੀ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਮਕੌੜਾ ਪੱਤਣ 'ਤੇ ਕਿਸ਼ਤੀ ਵੀ ਹੋਈ ਬੰਦ, ਸੱਤ ਪਿੰਡ ਬਣੇ ਟਾਪੂ
Publish Date: Tue, 21 Jul 2026 07:11 PM (IST)
Updated Date: Wed, 22 Jul 2026 04:08 AM (IST)
ਜੀਆਰਪੀ—ਰਾਵੀ ਦਰਿਆ ਮਕੌੜਾ ਪੱਤਣ ਤੇ ਮੀਂਹ ਕਾਰਨ ਵਧਿਆ ਪਾਣੀ ਦਾ ਪੱਧਰ। ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਪਹਾੜੀ ਇਲਾਕਿਆਂ ਪਿੱਛੋਂ ਮੈਦਾਨੀ ਇਲਾਕਿਆਂ ’ਚ ਪਿਛਲੇ ਦੋ ਦਿਨਾਂ ਤੋਂ ਜਾਰੀ ਭਾਰੀ ਬਾਰਿਸ਼ ਕਾਰਨ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ। ਇਸ ਕਾਰਨ ਮਕੌੜਾ ਪੱਤਣ ਤੇ ਚੱਲਣ ਵਾਲੀ ਕਿਸ਼ਤੀ ਨੂੰ ਵੀ ਮੰਗਲਵਾਰ ਸਵੇਰੇ ਕਰੀਬ ਦਸ ਵਜੇ ਬੰਦ ਕਰ ਦਿੱਤਾ ਗਿਆ ਤਾਂ ਜੋ ਕਿਸੇ ਕਿਸਮ ਦਾ ਵੱਡਾ ਹਾਦਸਾ ਨਾ ਵਾਪਰ ਸਕੇ। ਇਸ ਸੇਵਾ ਦੇ ਬੰਦ ਹੋਣ ਨਾਲ ਦਰਿਆ ਪਾਰ ਸਥਿਤ ਸੱਤ ਪਿੰਡਾਂ ਦੇ ਲੋਕਾਂ ਦਾ ਜ਼ਿਲ੍ਹੇ ਨਾਲ ਸਿੱਧਾ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ ਤੇ ਇਹ ਪਿੰਡ ਇਕ ਟਾਪੂ ਬਣ ਗਏ ਹਨ, ਜਿਸ ਨਾਲ ਇੱਥੇ ਵੱਸਦੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਅਜਿਹੇ ’ਚ ਰਾਤ ਸਮੇਂ ਜੇਕਰ ਕੋਈ ਗੰਭੀਰ ਬਿਮਾਰ ਹੋ ਜਾਂਦਾ ਹੈ ਜਾਂ ਐਮਰਜੈਂਸੀ ਬਣਦੀ ਹੈ ਤਾਂ ਪੀੜਤ ਲੋਕਾਂ ਲਈ ਦਰਿਆ ਪਾਰ ਜਾਣ ਦਾ ਕੋਈ ਸਾਧਨ ਨਹੀਂ ਬੱਚਦਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਵੀ ਦਰਿਆ ਤੇ ਬਣਾਇਆ ਗਿਆ ਅਸਥਾਈ ਪੁਲ ਵੀ ਹਟਾ ਲਿਆ ਗਿਆ ਸੀ। ਅਜਿਹੇ ’ਚ ਕਿਸ਼ਤੀ ਸੇਵਾ ਹੀ ਦਰਿਆ ਪਾਰ ਦੇ ਪਿੰਡਾਂ ਨੂੰ ਜ਼ਿਲ੍ਹੇ ਨਾਲ ਜੋੜਨ ਦਾ ਇੱਕੋਂ-ਇੱਕ ਸਾਧਨ ਸੀ, ਪਰ ਵਧਦੇ ਪਾਣੀ ਦੇ ਪੱਧਰ ਕਾਰਨ ਹੁਣ ਇਹ ਸੇਵਾ ਵੀ ਠੱਪ ਹੋ ਗਈ ਹੈ। ਕਿਸ਼ਤੀ ਸੇਵਾ ਬੰਦ ਹੋਣ ਕਾਰਨ ਰਾਵੀ ਦਰਿਆ ਦਾ ਪਾਰ ਸਥਿਤ ਇਨ੍ਹਾਂ ਪਿੰਡਾਂ ਦੇ ਲੋਕ ਹੁਣ ਮੁੱਢਲੀਆਂ ਸਹੂਲਤਾਂ ਤੋਂ ਕੱਟੇ ਗਏ ਹਨ। ਕਈ ਵਾਰ ਕੀਤਾ ਚੋਣਾਂ ਦਾ ਬਾਈਕਾਟ ਰਾਵੀ ਦਰਿਆ ਦੇ ਪਾਰ ਵਸੇ ਪਿੰਡਾਂ ਦੇ ਲੋਕ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਦਰਿਆ ਤੇ ਇਕ ਸਥਾਈ ਪੁਲ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਹੋਵੇ। ਹਰ ਸਾਲ ਮੀਂਹ ਦੇ ਮੌਸਮ ’ਚ ਜਲ ਪੱਧਰ ਵਧਣ ਤੇ ਇਹ ਸਮੱਸਿਆ ਖੜ੍ਹੀ ਹੋ ਜਾਂਦੀ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਜਾਂਦੀ ਹੈ। ਇਸ ਵਾਰ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਅਸਥਾਈ ਪੁਲ਼ ਹਟਾ ਦਿੱਤਾ, ਜਦਕਿ ਹੁਣ ਜਲ-ਪੱਧਰ ਵਧਣ ਕਾਰਨ ਕਿਸ਼ਤੀ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਚੋਣਾਂ ਦੌਰਾਨ ਕੀਤੇ ਸਿਆਸੀ ਪਾਰਟੀਆਂ ਦੇ ਵਾਅਦਿਆਂ ਤੋਂ ਪਰੇਸ਼ਾਨ ਰਾਵੀ ਦਰਿਆ ਪਾਰਲੇ ਪਿੰਡਾਂ ਦੇ ਲੋਕ ਕਈ ਵਾਰ ਚੋਣਾਂ ਦਾ ਬਾਈਕਾਟ ਵੀ ਕਰ ਚੁੱਕੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ ਤੇ ਦਰਿਆ ਪਾਰ ਦੇ ਪਿੰਡਾਂ ਨੂੰ ਜੋੜਨ ਲਈ ਸਥਾਈ ਪੁਲ ਨਿਰਮਾਣ ਦੀ ਦਿਸ਼ਾ ਵਿੱਚ ਠੋਸ ਕਦਮ ਚੁੱਕਣ।