ਸਰ੍ਹੋਂ ਦਾ ਭਾਅ ਤੇਜ਼ ਹੋਣ ਕਾਰਨ ਦੇਸੀ ਤੇਲ ਦੇ ਭਾਅ ਅਸਮਾਨੀ ਚੜ੍ਹੇ ਸਰ੍ਹੋਂ ਦਾ ਭਾਅ ਤੇਜ਼ ਹੋਣ ਕਾਰਨ ਦੇਸੀ ਤੇਲ ਦੇ ਭਾਅ ਅਸਮਾਨੀ ਚੜ੍ਹੇ
Publish Date: Fri, 27 Nov 2026 04:55 PM (IST)
Updated Date: Sat, 28 Nov 2026 04:05 AM (IST)
- ਦੇਸੀ ਤੇਲ ਦਾ ਤੜਕਾ ਹੁੰਦਾ ਜਾ ਰਿਹਾ ਗਰੀਬ ਦੀ ਪਹੁੰਚ ਤੋਂ ਬਾਹਰ, ਭਾਅ 220 ਰੁਪਏ ਤੋਂ ਪਾਰ ਜੀਆਰਪੀ- ਮਹਿੰਗੇ ਭਾਅ ਦੀ ਸਰ੍ਹੋਂ ਦੇ ਤੇਲ ਦੀ ਖਰੀਦ ਕਰਦੇ ਹੋਏ ਕਿਸਾਨ ਗੁਰਨਾਮ ਸਿੰਘ ਪੰਨਵਾਂ। ਜੀਆਰਪੀ- ਜ਼ਿਲ੍ਹਾ ਖੇਤੀਬਾੜੀ ਅਫਸਰ ਡਾਕਟਰ ਸ਼ਾਹਬਾਜ਼ ਸਿੰਘ। ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਸਰ੍ਹੋਂ ਦੇ ਭਾਅ ’ਚ ਤੇਜ਼ੀ ਆਉਣ ਸਰ੍ਹੋਂ ਦੇ ਦੇਸੀ ਤੇਲ ਦਾ ਭਾਅ ਅਸਮਾਨੀ ਚੜ੍ਹ ਜਾਣ ਕਾਰਨ ਦੇਸੀ ਤੇਲ ਦਾ ਤੜਕਾ ਗਰੀਬ ਦੀ ਪਹੁੰਚ ਤੋਂ ਬਾਹਰ ਹੁੰਦਾ ਨਜ਼ਰ ਆ ਰਿਹਾ ਹੈ। ਇੱਥੇ ਦੱਸਣ ਯੋਗ ਹੈ ਕਿ ਸਰ੍ਹੋਂ ਦੇ ਰੇਟ ’ਚ ਚੋਖਾ ਵਾਧਾ ਹੋਣ ਕਾਰਨ ਸਰ੍ਹੋਂ ਦਾ ਦੇਸੀ ਤੇਲ ਥੋਕ ਵਿੱਚ 220 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਦੇਸੀ ਤੇਲ ਦੀਆਂ ਵਧੀਆਂ ਕੀਮਤਾਂ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕੋਹਲੂ ਮਾਲਕ ਸੁਨੀਲ ਕੁਮਾਰ, ਰਮੇਸ਼ ਕੁਮਾਰ ਤੁੱਲੀ, ਤੇਲ ਵਿਕਰੇਤਾ ਗਿੰਨੀ ਮਹਾਜਨ, ਆੜ੍ਹਤੀ ਸਤੀਸ਼ ਸਿਆਲ, ਰਮਨ ਕੁਮਾਰ, ਪਵਨ ਕੁਮਾਰ ਆਦਿ ਦੁਕਾਨਦਾਰਾਂ ਨੇ ਦੱਸਿਆ ਕਿ ਸਰ੍ਹੋਂ ਦਾ ਭਾਅ ਪ੍ਰਤੀ ਕੁਇੰਟਲ 10 ਹਜਾਰ ਰੁਪਏ ਤੱਕ ਪਹੁੰਚ ਜਾਣ ਉਪਰੰਤ ਤੇਲ ਦੀਆਂ ਕੀਮਤਾਂ ਵਿੱਚ ਵੀ ਚੋਖਾ ਵਾਧਾ ਹੋ ਗਿਆ ਹੈ। ਕੋਹਲੂ ਮਾਲਕਾਂ ਨੇ ਦੱਸਿਆ ਕਿ ਜਿੱਥੇ ਸ਼ੁਰੂ ਵਿੱਚ ਸਰ੍ਹੋਂ ਦਾ ਭਾਅ 7500 ਦੇ ਕਰੀਬ ਪ੍ਰਤੀ ਕੁਇੰਟਲ ਸੀ ਜਦਕਿ ਹੁਣ ਰਾਜਸਥਾਨ ਤੋਂ ਆਉਣ ਵਾਲੀ ਸਰ੍ਹੋਂ ਦਾ ਭਾਅ ਵੀ 10 ਹਜ਼ਾਰ ਦੇ ਕਰੀਬ ਪਹੁੰਚ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਨਾਲ ਸੰਬੰਧਿਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਰ੍ਹੋਂ ਦਾ ਭਾਅ ਇਸ ਵੇਲੇ 9500 ਤੋਂ ਵੱਧ ਹੋ ਗਿਆ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਦਿਵਾਲੀ ਮੌਕੇ ਸਰ੍ਹੋਂ ਦਾ ਰੇਟ 180 ਰੁਪਏ ਪ੍ਰਤੀ ਕਿਲੋ ਵਿਕਿਆ ਸੀ ਜਦਕਿ ਦੀਵਾਲੀ ਤੋਂ ਬਾਅਦ ਦਿਨੋਂ ਦਿਨ ਸਰ੍ਹੋਂ ਦੇ ਭਾਅ ਵਿੱਚ ਤੇਜੀ ਆਉਣ ਕਾਰਨ ਇਸ ਵੇਲੇ ਦੇਸੀ ਤੇਲ ਥੋਕ ਵਿੱਚ 220 ਰੁਪਏ ਤੋਂ ਵੱਧ ਪ੍ਰਤੀ ਕਿਲੋ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਰਿਫਾਇਡ ਅਤੇ ਡਾਲਡਾ ਘਿਓ ਨਾ ਖਾਣ ਦੀ ਸਲਾਹ ਦਿੰਦਿਆਂ ਹੋਇਆਂ ਦੇਸੀ ਤੇਲ ਖਾਣ ਸਬੰਧੀ ਪ੍ਰੇਰਿਤ ਕਾਰਨ ਸਰਦੀ ਦੇ ਮੌਸਮ ਵਿੱਚ ਸਰ੍ਹੋਂ ਦੇ ਤੇਲ ਦੀ ਮੰਗ ਵੱਧ ਰਹੀ ਹੈ। ਉਹਨਾਂ ਕਿਹਾ ਕਿ ਪੇਂਡੂ ਖੇਤਰ ਦੇ ਕਿਸਾਨਾਂ ਵੱਲੋਂ ਸਰ੍ਹੋਂ ਦੀ ਖੇਤੀ ਘੱਟ ਕਰਨ ਕਰਕੇ ਸਰ੍ਹੋਂ ਦੀ ਘਾਟ ਹੋਣ ਕਾਰਨ ਵੀ ਤੇਲ ਦੀਆਂ ਕੀਮਤਾਂ ਤੇ ਅਸਰ ਪੈ ਰਿਹਾ। ਕੋਹਲੂ ਮਾਲਕਾਂ ਨੇ ਦੱਸਿਆ ਕਿ ਜਿੱਥੇ ਪਿਛਲੇ ਸਮਿਆਂ ਵਿੱਚ ਬਾਰਡਰ ਏਰੀਏ ਦੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਆਪਣੇ ਖੇਤਾਂ ਵਿੱਚ ਸਰ੍ਹੋਂ ਦੀ ਖੇਤੀ ਕੀਤੀ ਜਾਂਦੀ ਸੀ ਪਰੰਤੂ ਹੁਣ ਨਾ ਮਾਤਰ ਕਿਸਾਨਾਂ ਵੱਲੋਂ ਹੀ ਆਪਣੇ ਘਰਾਂ ਵਿੱਚ ਵਰਤਣ ਲਈ ਹੀ ਸਰ੍ਹੋਂ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਕਿਸਾਨਾਂ ਵੱਲੋਂ ਕਣਕ ਅਤੇ ਝੋਨੇ ਦੀ ਫਸਲ ਦੀ ਬਜਾਈ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸਰ੍ਹੋਂ ਹੇਠ ਰਕਬਾ ਘਟਣ ਕਾਰਨ ਸਰ੍ਹੋਂ ਦੇ ਭਾਅ ਵਿੱਚ ਦਿਨੋਂ ਦਿਨ ਤੇਜ਼ੀ ਹੁੰਦੀ ਜਾ ਰਹੀ ਹੈ ਜਿਸ ਕਰਕੇ ਤੇਲ ਕੀਮਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਕਿਸਾਨ ਸਰ੍ਹੋਂ ਦੀ ਖੇਤੀ ਹੇਠ ਰਕਬਾ ਵਧਾਉਣ : ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਖੇਤੀਬਾੜੀ ਅਫਸਰ ਡਾਕਟਰ ਸ਼ਾਹਬਾਜ਼ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਰੀਬ 4 ਹਜ਼ਾਰ ਹੈਕਟੇਅਰ ਵਿੱਚ ਸਰ੍ਹੋਂ ਦੀ ਖੇਤੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਿਸਾਨ ਸਰ੍ਹੋਂ ਦੀ ਖੇਤੀ ਹੇਠ ਰਕਬੇ ਨੂੰ ਵਧਾਉਣ। ਉਨ੍ਹਾਂ ਕਿਹਾ ਕਿ ਸਰ੍ਹੋਂ ਦੀ ਬਿਜਾਈ ਲਾਹੇਵੰਦ ਸਾਬਿਤ ਹੋ ਰਹੀ। ਉਹਨਾਂ ਕਿਹਾ ਕਿ ਸਰ੍ਹੋਂ ਦੀ ਫਸਲ ਨੂੰ ਕਮਾਦ ਦੀ ਫਸਲ ਵਿੱਚ ਵੀ ਕਾਸ਼ਤ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਰ੍ਹੋਂ ਦੀ ਖੇਤੀ ਤੇ ਕਣਕ ਅਤੇ ਹੋਰ ਫਸਲਾਂ ਨਾਲੋਂ ਖਰਚ ਅਤੇ ਮਿਹਨਤ ਵੀ ਘੱਟ ਆਉਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ’ਚ ਸਰ੍ਹੋਂ ਦੀ ਖੇਤੀ ਨੂੰ ਯਕੀਨੀ ਬਣਾਉਣ ਇਥੋਂ ਤੱਕ ਕਿ ਉਹ ਆਪਣੇ ਖਾਣ ਲਈ ਘਰੇਲੂ ਤੇਲ ਤਿਆਰ ਕਰਨ ਲਈ ਸਰ੍ਹੋਂ ਦੀ ਖੇਤੀ ਜ਼ਰੂਰ ਕਰਨ।