- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿੰਨ ਮਹੀਨਿਆਂ ਵਿੱਚ ਜ਼ਿਲ੍ਹੇ ਵਿੱਚ ਅੱਠ ਵਾਰ ਡਰੋਨ, ਹਥਿਆਰ ਤੇ ਨਸ਼ਾ ਬਰਾਮਦ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ : ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਵਿੱਚ ਡਰੋਨ ਦੇ ਜ਼ਰੀਏ ਲਗਾਤਾਰ ਹਥਿਆਰ ਤੇ ਨਸ਼ਾ ਤਸਕਰੀ ਕੀਤੀ ਜਾ ਰਹੀ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਹੀ ਬੀਐੱਸਐੱਫ ਅਤੇ ਪੁਲਿਸ ਵੱਲੋਂ ਅੱਠ ਵਾਰ ਡਰੋਨ ਐਕਟੀਵਿਟੀ ਤੋਂ ਬਾਅਦ ਵੱਖ-ਵੱਖ ਪਿੰਡਾਂ ਤੋਂ ਪਾਕਿਸਤਾਨ ਵੱਲੋਂ ਭੇਜੇ ਗਏ ਡਰੋਨ ਤੇ ਹਥਿਆਰ ਬਰਾਮਦ ਕੀਤੇ ਗਏ ਹਨ। ਦੱਸ ਦਈਏ ਕਿ ਇੱਕ ਪਾਸੇ ਇੱਥੇ ਪਾਕਿਸਤਾਨ ਵੱਲੋਂ ਭੇਜੇ ਗਏ ਨਸ਼ੇ ਨਾਲ ਨੌਜਵਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ, ਉੱਥੇ ਹੀ ਪੈਸਿਆਂ ਦੇ ਲਾਲਚ ਵਿੱਚ ਆ ਕੇ ਗ੍ਰਨੇਡ ਹਮਲੇ ਵੀ ਕੀਤੇ ਜਾ ਰਹੇ ਹਨ। ਹਾਲਾਂਕਿ ਹੁਣ ਤੱਕ ਹੋਏ ਗ੍ਰਨੇਡ ਹਮਲਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪਰ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਲਗਾਤਾਰ ਸਰਹੱਦੀ ਖੇਤਰ ਵਿੱਚ ਡਰੋਨ ਦੇ ਜ਼ਰੀਏ ਹਥਿਆਰ ਤੇ ਨਸ਼ੀਲੇ ਪਦਾਰਥ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਮਹੀਨਿਆਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਵੱਲੋਂ ਅੱਠ ਵਾਰ ਡਰੋਨ ਭੇਜ ਕੇ ਸਰਹੱਦੀ ਪਿੰਡਾਂ ਵਿੱਚ ਹਥਿਆਰ ਤੇ ਨਸ਼ਾ ਸੁੱਟਿਆ ਗਿਆ। ਹਾਲਾਂਕਿ ਪੁਲਿਸ ਅਤੇ ਬੀਐੱਸਐੱਫ ਦੀ ਮੁਸਤੈਦੀ ਸਦਕਾ ਅੱਠੇਂ ਵਾਰ ਹਥਿਆਰ ਤੇ ਨਸ਼ਾ ਤਸਕਰਾਂ ਕੋਲ ਪਹੁੰਚਣ ਦੀ ਬਜਾਏ ਉਨ੍ਹਾਂ ਦੇ ਹੱਥ ਲੱਗ ਗਿਆ। ਹਾਲਾਂਕਿ ਕੁਝ ਮਾਮਲਿਆਂ ਵਿੱਚ ਚੂਕ ਵੀ ਹੋਈ ਹੈ, ਜਿਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਜ਼ਿਲ੍ਹੇ ਵਿੱਚ ਜਿੱਥੇ ਨਸ਼ਾ ਤਸਕਰੀ ਦੇ ਮਾਮਲੇ ਲਗਾਤਾਰ ਵਧੇ ਹਨ, ਉੱਥੇ ਪੁਲਿਸ ਚੌਕੀਆਂ ਤੇ ਹੋਰ ਜਗ੍ਹਾਂ 'ਤੇ ਹੈਂਡ ਗ੍ਰਨੇਡ ਸੁੱਟੇ ਜਾਣ ਦੇ ਮਾਮਲੇ ਵੀ ਸਾਹਮਣੇ ਆਏ ਹਨ।
- ਤਿੰਨ ਮਹੀਨਿਆਂ ਵਿੱਚ ਅੱਠ ਵਾਰ ਡਰੋਨ ਐਕਟੀਵਿਟੀ
ਪਿਛਲੇ ਤਿੰਨ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਵੱਲੋਂ ਅੱਠ ਵਾਰ ਜ਼ਿਲ੍ਹੇ ਵਿੱਚ ਡਰੋਨ ਐਕਟੀਵਿਟੀ ਪਾਈ ਗਈ ਜਿਸ ਵਿੱਚ ਪਾਕਿਸਤਾਨ ਵੱਲੋਂ ਸਰਹੱਦੀ ਪਿੰਡਾਂ ਵਿੱਚ ਹਥਿਆਰ ਤੇ ਨਸ਼ੇ ਦੀ ਖੇਪ ਸੁੱਟੀ ਗਈ। 11 ਸਤੰਬਰ ਨੂੰ ਡੇਰਾ ਬਾਬਾ ਨਾਨਕ ਖੇਤਰ ਵਿੱਚ ਪੁਲਿਸ ਤੇ ਬੀਐੱਸਐੱਫ ਨੇ ਸਰਚ ਆਪਰੇਸ਼ਨ ਦੌਰਾਨ ਇੱਕ ਡਰੋਨ, ਦੋ ਪਿਸਤੌਲ ਤੇ ਤਿੰਨ ਮੈਗਜ਼ੀਨ ਬਰਾਮਦ ਕੀਤੇ। ਨੌਂ-ਦਸ ਅਕਤੂਬਰ ਦੀ ਰਾਤ ਨੂੰ ਕਲਾਨੌਰ ਦੇ ਪਿੰਡ ਰੋਸੇ ਵਿੱਚ ਬੀਐੱਸਐੱਫ ਦੀ 27 ਬਟਾਲੀਅਨ ਵੱਲੋਂ ਖੇਤਾਂ ਵਿੱਚੋਂ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ। ਦਸ ਨਵੰਬਰ ਨੂੰ ਬੀਐੱਸਐੱਫ ਵੱਲੋਂ ਡੇਰਾ ਬਾਬਾ ਨਾਨਕ ਤੋਂ 30 ਬੋਰ ਪਿਸਤੌਲ, ਛੇ ਮੈਗਜ਼ੀਨ, 50 ਜ਼ਿੰਦਾ ਕਾਰਤੂਸ ਤੇ ਇੱਕ ਹੈਰੋਇਨ ਬਰਾਮਦ ਕੀਤੀ ਗਈ। 20 ਨਵੰਬਰ ਨੂੰ ਪਿੰਡ ਭਗਤਾਨਾ ਤੁਲੀਆ ਦੇ ਖੇਤਾਂ ਵਿੱਚੋਂ ਬੀਐੱਸਐੱਫ ਨੇ ਤਲਾਸ਼ੀ ਅਭਿਆਨ ਦੌਰਾਨ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ। 22 ਨਵੰਬਰ ਨੂੰ ਬੀਓਪੀ ਚੰਦੂ ਵਡਾਲਾ ਦੇ ਨੇੜੇ ਪਿੰਡ ਦੀਦੋਵਾਲ ਦੇ ਖੇਤਾਂ ਵਿੱਚੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ 27-28 ਨਵੰਬਰ ਦੀ ਰਾਤ ਨੂੰ ਪਿੰਡ ਹਰਦੋਛੰਨੀ ਤੋਂ ਪੁਲਿਸ ਤੇ ਬੀਐੱਸਐੱਫ ਵੱਲੋਂ ਚਾਰ ਮੈਗਜ਼ੀਨ, ਦੋ ਪਿਸਤੌਲ ਤੇ 59 ਜ਼ਿੰਦਾ ਕਾਰਤੂਸ ਅਤੇ ਪਿੰਡ ਅਰਲੀਭੰਨ ਦੇ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਕੀਤਾ ਗਿਆ।
- ਜ਼ਿਲ੍ਹੇ ਵਿੱਚ ਨੌਂ ਵਾਰ ਹੋ ਚੁੱਕਾ ਗ੍ਰਨੇਡ ਹਮਲਾ
--12 ਦਸੰਬਰ 2025 ਦੀ ਰਾਤ ਨੂੰ ਥਾਣਾ ਘਣੀਏ ਦੇ ਬਾਂਗਰ 'ਤੇ ਗ੍ਰਨੇਡ ਹਮਲਾ ਹੋਇਆ।
--18 ਦਸੰਬਰ 2025 ਦੀ ਰਾਤ ਨੂੰ ਪੁਲਿਸ ਚੌਕੀ ਬਖਸ਼ੀਵਾਲ 'ਤੇ ਗ੍ਰਨੇਡ ਹਮਲਾ ਹੋਇਆ।
--19 ਦਸੰਬਰ 2025 ਦੀ ਰਾਤ ਨੂੰ ਥਾਣਾ ਵਡਾਲਾ ਬਾਂਗਰ 'ਤੇ ਗ੍ਰਨੇਡ ਹਮਲਾ ਹੋਇਆ।
--16 ਫਰਵਰੀ 2025 ਨੂੰ ਡੇਰਾ ਬਾਬਾ ਨਾਨਕ ਦੇ ਪਿੰਡ ਰਾਏਮੱਲ ਵਿੱਚ ਪੁਲਿਸ ਕਰਮਚਾਰੀ ਦੇ ਚਾਚੇ ਦੇ ਘਰ 'ਤੇ ਗ੍ਰਨੇਡ ਹਮਲਾ।
--6 ਅਪ੍ਰੈਲ 2025 ਦੀ ਰਾਤ ਨੂੰ ਥਾਣਾ ਕਿਲਾ ਲਾਲ ਸਿੰਘ 'ਤੇ ਰਾਕੇਟ ਲਾਂਚਰ ਨਾਲ ਹਮਲਾ ਹੋਇਆ।
--25 ਨਵੰਬਰ 2025 ਨੂੰ ਥਾਣਾ ਸਿਟੀ ਦੇ ਬਾਹਰ ਗ੍ਰਨੇਡ ਹਮਲਾ ਹੋਇਆ ਸੀ, ਜਿਸ ਵਿੱਚ ਇੱਕ ਨੌਜਵਾਨ ਦੀ ਅੱਖ ਚਲੀ ਗਈ ਸੀ, ਜਦਕਿ ਇੱਕ ਔਰਤ ਦੇ ਸਰੀਰ 'ਤੇ ਛਰੇ ਲੱਗੇ ਸਨ।
--27 ਅਪ੍ਰੈਲ 2025 ਨੂੰ ਗੁਰਦਾਸਪੁਰ ਦੇ ਗੀਤਾ ਭਵਨ ਰੋਡ ਸਥਿਤ ਇੱਕ ਦੁਕਾਨ ਦੇ ਬਾਹਰ ਇੱਕ ਬਿਨਾਂ ਫਟਿਆ ਹੈਂਡ ਗ੍ਰਨੇਡ ਮਿਲਿਆ ਸੀ, ਜਿਸ ਦੀ ਪਿੰਨ ਨਾ ਨਿਕਲਣ ਕਾਰਨ ਵੱਡਾ ਹਾਦਸਾ ਟਲ ਗਿਆ। ਇਹ ਗ੍ਰਨੇਡ ਗੀਤਾ ਭਵਨ ਰੋਡ ਸਥਿਤ ਅਸ਼ੋਕਾ ਚਿਪਸ ਦੀ ਦੁਕਾਨ ਦੇ ਬਾਹਰ ਸੁੱਟਿਆ ਗਿਆ ਸੀ।
--2 ਜੂਨ 2026 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਕਸਬੇ ਵਿੱਚ ਬੱਸ ਸਟੈਂਡ ਦੇ ਨੇੜੇ ਸਥਿਤ ਮੁਲਤਾਨੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਗ੍ਰਨੇਡ ਹਮਲਾ ਹੋਇਆ ਸੀ, ਜਿਸ ਨੂੰ ਪੰਜਾਬ ਪੁਲਿਸ ਨੇ ਛੇ ਘੰਟਿਆਂ ਦੇ ਅੰਦਰ ਸੁਲਝਾਉਂਦੇ ਹੋਏ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
--1 ਅਗਸਤ 2026 ਦੀ ਰਾਤ ਬਾਈਕ ਸਵਾਰ ਹਮਲਾਵਰਾਂ ਨੇ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਸੁੱਟਿਆ ਅਤੇ ਘਟਨਾ ਨਾਲ ਜੁੜਿਆ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ। ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਸੀ।