ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਆਧੁਨਿਕ ਮਸ਼ੀਨਰੀ ਨਾਲ ਸਹੀ ਪ੍ਰਬੰਧਨ ਕਰਨ: ਐੱਸਡੀਐੱਮ ਰੰਧਾਵਾ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਆਧੁਨਿਕ ਮਸ਼ੀਨਰੀ ਨਾਲ ਸਹੀ ਪ੍ਰਬੰਧਨ ਕਰਨ: ਐੱਸਡੀਐੱਮ ਰੰਧਾਵਾ
Publish Date: Wed, 21 Oct 2026 03:58 PM (IST)
Updated Date: Wed, 21 Oct 2026 04:00 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਵਾਤਾਵਰਨ ਦੀ ਸੰਭਾਲ ਅਤੇ ਪਰਾਲੀ ਦੇ ਯੋਗ ਪ੍ਰਬੰਧਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਅੰਦਰ ਪਰਾਲੀ ਨਾ ਸਾੜਨ ਦੀ ਜਾਗਰੂਕਤਾ ਲਈ ਮੁਹਿੰਮ ਵਿੱਢੀ ਗਈ। ਜਿਸ ਤਹਿਤ ਐੱਸਡੀਐੱਮ ਕਲਾਨੌਰ ਲਛਮਣ ਸਿੰਘ ਰੰਧਾਵਾ ਵਲੋਂ ਡਿਵੀਜ਼ਨ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਕਲਾਨੌਰ, ਹਕੀਂਮਪੁਰ, ਭੰਡਾਲ, ਨਾਨੋਹਾਰਨੀ ਸਮੇਤ ਹੋਰਨਾਂ ਪਿੰਡਾਂ ’ਚ ਜਾ ਕੇ ਕਿਸਾਨਾ ਨੂੰ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨਾਲ ਮਾਲ ਵਿਭਾਗ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੀ ਟੀਮ ਦੇ ਨੁਮਾਇੰਦੇ ਵੀ ਹਾਜ਼ਰ ਰਹੇ। ਐੱਸਡੀਐੱਮ ਰੰਧਾਵਾ ਨੇ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਜਾਗਰੂਕ ਕਰਦਿਆਂ ਕਈ ਨੁੱਕਤੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਥੋੜੀ ਜਿਹੀ ਸਾਵਧਾਨੀ ਨਾਲ ਅਸੀਂ ਵਾਤਾਵਰਨ ਨੂੰ ਬਚਾਉਣ ’ਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਾਂ ਅਤੇ ਜੇਕਰ ਝੋਨੇ ਦੀ ਪਰਾਲੀ ਜਾਂ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਇਹ ਵੱਡੇ ਮਨੁੱਖੀ ਤੇ ਵਾਤਾਵਰਨ ਦੇ ਨੁਕਸਾਨ ਦਾ ਕਾਰਨ ਬਣਦੀ ਹੈ। ਐੱਸਡੀਐੱਮ ਰੰਧਾਵਾ ਨੇ ਕਿਸਾਨਾਂ ਨੂੰ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਅਗਲੀ ਫਸਲ ਬੀਜਣ ਦੇ ਫਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਆਧੁਨਿਕ ਮਸ਼ੀਨਰੀ ਅਤੇ ਵਿਗਿਆਨਕ ਤਰੀਕਿਆਂ ਰਾਹੀਂ ਇਸ ਦਾ ਪ੍ਰਬੰਧਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ’ਤੇ ਨਾਇਬ ਤਹਿਸੀਲਦਾਰ ਮਨਮੋਹਨ ਸਿੰਘ, ਕਾਨੂੰਗੋ ਮਨਦੀਪ ਕੁਮਾਰ, ਡਾ. ਅਰਪਨਪ੍ਰੀਤ ਸਿੰਘ ਏਡੀਓ, ਡਾ. ਸੁਖਬੀਰ ਸਿੰਘ ਏਡੀਓ, ਪਟਵਾਰੀ ਸਤਿੰਦਰਪਾਲ ਸਿੰਘ ਢਿੱਲੋਂ, ਜਸਕਰਨ ਸਿੰਘ ਰੰਧਾਵਾ ਪਟਵਾਰੀ ਆਦਿ ਵੀ ਹਾਜ਼ਰ ਰਹੇ।