ਸੈਂਟਰਲ ਐਸੋਸੀਏਸ਼ਨ ਤੇ ਐੱਨਐੱਸਐੱਸ ਯੂਨਿਟ ਨੇ ਮਨਾਈ ਸਾਰਥਕ ਦੀਵਾਲੀ ਸਾਰਥਿਕ ਦੀਵਾਲੀ ਥੀਮ ਤਹਿਤ ਸੈਂਟਰਲ ਐਸੋਸੀਏਸ਼ਨ ਅਤੇ ਐੱਨਐੱਸਐੱਸ ਯੂਨਿਟ ਵੱਲੋਂ ਮਨਾਈ ਗਈ ਦੀਵਾਲੀ
Publish Date: Fri, 13 Nov 2026 03:27 PM (IST)
Updated Date: Sat, 14 Nov 2026 04:00 AM (IST)
ਜੀਆਰਪੀ- ਸਾਰਥਿਕ ਦੀਵਾਲੀ ਥੀਮ ਤਹਿਤ ਦੀਵਾਲੀ ਮਨਾਉਂਦੇ ਹੋਏ ਸੈਂਟਰਲ ਐਸੋਸੀਏਸ਼ਨ ਦੇ ਮੈਂਬਰ। ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਪੰਡਿਤ ਮੋਹਨ ਲਾਲ ਐਸਡੀ ਕਾਲਜ ਫਾਰ ਵੂਮੈਨ ਗੁਰਦਾਸਪੁਰ ਦੇ ਸੈਂਟਰਲ ਐਸੋਸੀਏਸ਼ਨ ਅਤੇ ਐੱਨਐੱਸਐੱਸ ਯੂਨਿਟ ਵੱਲੋਂ ਸਾਂਝੇ ਤੌਰ ਤੇ ਸ਼ੇਅਰ ਹੈਪੀਨੈੱਸ ਵਿਦ ਆਦਰਜ਼ (ਦੂਜਿਆਂ ਨਾਲ ਖੁਸ਼ੀਆਂ ਸਾਂਝੀਆਂ ਕਰੋ) ਪ੍ਰੋਜੈਕਟ ਤਹਿਤ ਸਾਰਥਕ ਦੀਵਾਲੀ ਮਨਾਈ ਗਈ। ਇਸ ਪ੍ਰੋਜੈਕਟ ਵਿੱਚ ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸਾਂਝੇ ਤੌਰ ਤੇ ਆਪਣੀ ਸਮਰੱਥਾ ਅਨੁਸਾਰ ਪੈਸਿਆਂ ਦਾ ਯੋਗਦਾਨ ਪਾਇਆ ਅਤੇ ਇਸ ਤੋਂ ਇਲਾਵਾ ਸਾਰਿਆਂ ਨੇ ਆਪਣੇ ਘਰਾਂ ਵਿੱਚੋਂ ਵਰਤੋਂ ਯੋਗ ਵਸਤੂਆਂ ਇਕੱਠੀਆਂ ਕੀਤੀਆਂ ਤਾਂ ਜੋ ਇਨ੍ਹਾਂ ਨੂੰ ਲੋੜਵੰਦ ਅਤੇ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾ ਕੇ ਉਨ੍ਹਾਂ ਦੀ ਦੀਵਾਲੀ ਨੂੰ ਵੀ ਖੁਸ਼ੀਆਂ ਭਰਿਆ ਬਣਾਇਆ ਜਾ ਸਕੇ। ਇਸ ਸਮੇਂ ਇਹ ਫ਼ੈਸਲਾ ਵੀ ਲਿਆ ਗਿਆ ਕਿ ਇਸ ਸਮਾਨ ਨੂੰ ਅਨਾਥ ਆਸ਼ਰਮ, ਬਿਰਧ ਆਸ਼ਰਮ ਅਤੇ ਸਲੰਮ ਏਰੀਏ ਵਿੱਚ ਦਿੱਤਾ ਜਾਵੇਗਾ। ਇਸ ਉਪਰਾਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸਮਾਜਿਕ ਜ਼ਿੰਮੇਵਾਰੀ, ਸੇਵਾ ਭਾਵਨਾ, ਆਪਸੀ ਸਾਂਝ ਅਤੇ ਮਨੁੱਖਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ। ਇਸ ਦੌਰਾਨ ਕੱਪੜੇ, ਘਰੇਲੂ ਵਰਤੋਂ ਦੀਆਂ ਹੋਰ ਵਸਤੂਆਂ ਅਤੇ ਲੋੜੀਂਦਾ ਸਮਾਨ ਇਕੱਠਾ ਕਰਕੇ ਇਹ ਸੰਦੇਸ਼ ਦਿੱਤਾ ਗਿਆ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਸਿਰਫ਼ ਆਪਣੇ ਪਰਿਵਾਰ ਨਾਲ ਮਨਾਉਣ ਵਿੱਚ ਨਹੀਂ, ਸਗੋਂ ਦੂਜਿਆਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਣ ਵਿੱਚ ਵੀ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੀਵਾਲੀ ਰੌਸ਼ਨੀ, ਖੁਸ਼ੀਆਂ ਅਤੇ ਆਪਸੀ ਸਾਂਝ ਦਾ ਤਿਉਹਾਰ ਹੈ। ਇਸ ਤਰ੍ਹਾਂ ਕਾਲਜ ਵੱਲੋਂ ਦੀਵਾਲੀ ਨੂੰ ਸਿਰਫ਼ ਰੌਸ਼ਨੀਆਂ ਦਾ ਤਿਉਹਾਰ ਹੀ ਨਹੀਂ, ਸਗੋਂ ਸੇਵਾ, ਸਹਿਯੋਗ, ਦਇਆ ਅਤੇ ਮਨੁੱਖਤਾ ਦਾ ਤਿਉਹਾਰ ਬਣਾਉਣ ਦਾ ਸੁਨੇਹਾ ਦਿੱਤਾ ਗਿਆ। ਇਸ ਪ੍ਰੋਜੈਕਟ ਦੇ ਇੰਚਾਰਜ ਡਾ. ਸੁਖਵਿੰਦਰ ਕੌਰ, ਸਮਿਤਾ ਖਜੂਰੀਆ, ਗਗਨਦੀਪ ਕੌਰ, ਰਜਨੀ ਅਤੇ ਮਨਬੀਰ ਕੌਰ ਸਨ।