ਖਾਲਸਾ ਕਾਲਜ ਵਿਖੇ ਗਤਕਾ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਖਾਲਸਾ ਕਾਲਜ ਗੁਰਦਾਸਨੰਗਲ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ ਦਾ ਗਤਕਾ ਮੁਕਾਬਲਿਆਂ ਨਾਲ ਸ਼ਾਨਦਾਰ ਆਗਾਜ਼
Publish Date: Mon, 05 Oct 2026 03:07 PM (IST)
Updated Date: Mon, 05 Oct 2026 03:08 PM (IST)
ਲਖਬੀਰ ਖੁੰਡਾ, ਪੰਜਾਬੀ ਜਾਗਰਣ, ਧਾਰੀਵਾਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਦੀ ਦੇਖ-ਰੇਖ ਅਧੀਨ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦਾ ਸ਼ਾਨਦਾਰ ਆਗਾਜ਼ ਹੋਇਆ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਖੇਡ ਦਫ਼ਤਰ ਗੁਰਦਾਸਪੁਰ ਵੱਲੋਂ ਪਹਿਲਾਂ ਦੀ ਤਰ੍ਹਾਂ ਕਾਲਜ ਕੈਂਪਸ ਵਿਖੇ ਉਪਲਬਧ ਸਰਵਪੱਖੀ ਸਹੂਲਤਾਂ ਦੇ ਮੱਦੇਨਜ਼ਰ ਬਾਕਸਿੰਗ, ਕਿੱਕ ਬਾਕਸਿੰਗ, ਤਾਈਕਵਾਂਡੋ ਅਤੇ ਗਤਕਾ ਆਦਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਦੀ ਚੋਣ ਕੀਤੀ ਗਈ ਹੈ। ਲੜਕੀਆਂ ਦੇ ਅੰਡਰ-14 ਅਤੇ ਅੰਤਰ-17 ਉਮਰ ਵਰਗ ਦੇ ਗਤਕਾ ਮੁਕਾਬਲੇ ਕਰਵਾਏ ਗਏ। ਇਸ ’ਚ ਗਤਕੇ ਨਾਲ ਸਬੰਧਤ ਵੱਖ-ਵੱਖ ਈਵੈਂਟ ਜਿਵੇਂ ਸਿੰਗਲ ਸੋਟੀ ਅਤੇ ਫਰੀ ਸੋਟੀ ਦੇ ਵਿਅਕਤੀਗਤ ਅਤੇ ਟੀਮ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਲਗਭਗ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਕਾਲਜ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਉਪਰੋਕਤ ਕਾਲਜ ਹਮੇਸ਼ਾ ਵਿਦਿਆਰਥੀਆ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਪੂਰੀ ਤਰਜ਼ੀਹ ਦਿੰਦਾ ਰਿਹਾ ਹੈ। ਕਾਲਜ ਵਿਖੇ ਹਾਕੀ, ਵਾਲੀਬਾਲ, ਫੁੱਟਬਾਲ, ਕਬੱਡੀ, ਰੱਸਾਕਸ਼ੀ, ਕ੍ਰਿਕਟ, ਅਥਲੈਟਿਕਸ, ਗਤਕਾ, ਵੁਸ਼ੂ, ਤਾਈਕਵਾਂਡੋ, ਕਿੱਕ ਬਾਕਸਿੰਗ ਆਦਿ ਖੇਡਾਂ ਲਈ ਗਰਾਊਂਡਾਂ ਅਤੇ ਲੋੜੀਂਦਾ ਸਮਾਨ ਉਪਲਬਧ ਹੈ ਤਾਂ ਕਿ ਖਿਡਾਰੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਆਪਣਾ ਨਾਮ ਰੌਸ਼ਨ ਕਰਕੇ ਆਪਣੇ ਭਵਿੱਖ ਨੂੰ ਉੱਜਵਲ ਬਣਾ ਸਕਣ।