- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
26 ਜੁਲਾਈ ਨੂੰ ਹੋਵੇਗਾ ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਦਾ ਜ਼ਿਲ੍ਹਾ ਇਜਲਾਸ

ਸਰਬਜੀਤ ਚਾਹਲ, ਪੰਜਾਬੀ ਜਾਗਰਣ, ਗੁਰਦਾਸਪੁਰ : ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਵੱਲੋਂ 26 ਜੁਲਾਈ ਨੂੰ ਸੂਬਾ ਜਥੇਬੰਦਕ ਸਕੱਤਰ ਨਰਭਿੰਦਰ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਇਜਲਾਸ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਜਲਾਸ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਜਮਹੂਰੀਅਤ ਵਿਰੋਧੀ ਘਟਨਾਵਾਂ ਅਤੇ ਭਵਿੱਖ ਦੇ ਕਾਰਜਾਂ ਬਾਰੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਤੰਬਰ ਮਹੀਨੇ ਹੋਣ ਵਾਲੇ ਸੂਬਾ ਇਜਲਾਸ ਲਈ ਡੈਲੀਗੇਟ ਚੁਣੇ ਜਾਣਗੇ।
ਡਾਕਟਰ ਜਗਜੀਵਨ ਲਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਹਾਇਕ ਸਕੱਤਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਹਰ ਦੋ ਸਾਲਾਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਦੀ ਮੈਂਬਰਸ਼ਿਪ ਦਾ ਨਵੀਨੀਕਰਨ ਕੀਤਾ ਗਿਆ ਹੈ, ਜਿਸ ਵਿੱਚ ਵੱਖ-ਵੱਖ ਵਰਗਾਂ ਦੇ ਜਮਹੂਰੀਅਤ ਪਸੰਦ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੀਟਿੰਗ ਵਿੱਚ ਉੱਘੇ ਵਾਤਾਵਰਣ ਅਤੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਦੀ ਗੈਰ-ਸੰਵਿਧਾਨਕ ਗ੍ਰਿਫ਼ਤਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹਾਜ਼ਰ ਮੈਂਬਰਾਂ ਨੇ ਉਨ੍ਹਾਂ ਨੂੰ ਫੌਰੀ ਅਤੇ ਬਿਨਾਂ ਸ਼ਰਤ ਰਿਹਾਅ ਕਰਨ ਦੀ ਜ਼ੋਰਦਾਰ ਮੰਗ ਕੀਤੀ। ਮੈਂਬਰਾਂ ਨੇ ਕੋਲਕਾਤਾ ਵਿਖੇ ਸੋਨਮ ਵਾਂਗਚੁਕ ਦੀ ਗ੍ਰਿਫ਼ਤਾਰੀ ਵਿਰੁੱਧ ਸ਼ਾਂਤਮਈ ਅਨਸ਼ਨ 'ਤੇ ਬੈਠੇ 'ਵਿਸ਼ਵ ਭਾਰਤੀ' ਅਤੇ 'ਸ਼ਾਂਤੀ ਨਿਕੇਤਨ' ਦੇ ਵਿਦਿਆਰਥੀਆਂ, ਖਾਸ ਕਰਕੇ ਲੜਕੀਆਂ ਦੀ 'ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ' (ਏਬੀਵੀਪੀ) ਦੇ ਗੁੰਡਿਆਂ ਵੱਲੋਂ ਕੀਤੀ ਗਈ ਵਹਿਸ਼ੀਆਨਾ ਕੁੱਟਮਾਰ ਦਾ ਗੰਭੀਰ ਨੋਟਿਸ ਲੈਂਦਿਆਂ ਉਕਤ ਗੁੰਡਾਗਰਦੀ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਵੀ ਮੰਗ ਕੀਤੀ।
ਇਸ ਤੋਂ ਇਲਾਵਾ ਮੈਂਬਰਾਂ ਨੇ ਪੱਛਮੀ ਬੰਗਾਲ ਦੇ ਰਾਣੀਗੰਜ ਵਿਖੇ ਸੰਸਾਰ ਭਰ ਵਿੱਚ ਭਾਰਤ ਦਾ ਨਾਂ ਉੱਚਾ ਕਰਨ ਵਾਲੇ ਮਹਾਪੰਡਤ ਰਾਹੁਲ ਸੰਕ੍ਰਿਤਿਆਇਨ ਦੇ ਬੁੱਤ ਨੂੰ ਨੁਕਸਾਨ ਪੁਚਾਏ ਜਾਣ ਦੀ ਅਤਿਅੰਤ ਨਿੰਦਣਯੋਗ ਵਾਰਦਾਤ ਦੀ ਵੀ ਕੜ੍ਰੀ ਨਿੰਦਿਆ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਅਤੇ ਵਿਸ਼ਵ ਦਰਸ਼ਨ ਦੇ ਮਹਾਨ ਗਿਆਤਾ ਰਾਹੁਲ ਸੰਕ੍ਰਿਤਿਆਇਨ ਦਾ ਬੁੱਤ ਤੋੜਨ ਵਾਲੇ ਹਿੰਦੂਤਵੀ ਖਰੂਦੀਆਂ ਅਤੇ ਹੋਰ ਕੱਟੜਪੰਥੀਆਂ ਨੂੰ ਇਹ ਸਾਫ਼ ਸਮਝ ਲੈਣਾ ਚਾਹੀਦਾ ਹੈ ਕਿ ਕਿਸੇ ਮਹਾਨ ਸ਼ਖ਼ਸੀਅਤ ਦਾ ਬੁੱਤ ਤੋੜੇ ਜਾਣ ਨਾਲ ਉਸ ਦੇ ਵਿਚਾਰ ਨਹੀਂ ਮਰਦੇ, ਸਗੋਂ ਲੋਕ ਚੇਤਨਾ ਨੂੰ ਹੋਰ ਵੀ ਸ਼ਿੱਦਤ ਨਾਲ ਝੰਜੋੜਦੇ ਹਨ। ਇਸ ਮੌਕੇ ਹਰਭਜਨ ਸਿੰਘ ਮਾਂਗਟ, ਅਮਰਜੀਤ ਸਿੰਘ ਮਨੀ, ਕਰਨੈਲ ਸਿੰਘ ਚਿੱਟੀ, ਸੁਖਵਿੰਦਰ ਪਾਲ ਬਾਜੇਚੱਕ, ਅਮਰ ਕ੍ਰਾਂਤੀ, ਰੂਪ ਸਿੰਘ ਦੀਨਾਨਗਰ ਸਮੇਤ ਹੋਰ ਮੈਂਬਰ ਹਾਜ਼ਰ ਸਨ।