ਪੁਲਿਸ ਦੀ ਕਾਸੋ ਮੁਹਿੰਮ : 5 ਐੱਫਆਈਆਰ ਦਰਜ ਜ਼ਿਲ੍ਹਾ ਪੁਲਿਸ ਦੀ ਕਾਸੋ ਮੁਹਿੰਮ: ਪੰਜ ਐੱਫਆਈਆਰ ਦਰਜ, ਹਾਟ ਸਪਾਟ ਇਲਾਕਿਆਂ ਵਿੱਚ ਚੈਕਿੰਗ
Publish Date: Sun, 04 Oct 2026 03:51 PM (IST)
Updated Date: Sun, 04 Oct 2026 03:52 PM (IST)
--ਸਕੂਲਾਂ-ਕਾਲਜਾਂ ’ਚ ਜਾਗਰੂਕਤਾ ਸੈਮੀਨਾਰ, ਬੱਚਿਆਂ ਨੂੰ ਨਸ਼ੇ ਖ਼ਿਲਾਫ਼ ਕੀਤਾ ਜਾ ਰਿਹਾ ਜਾਗਰੂਕ ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ: ਜ਼ਿਲ੍ਹਾ ਪੁਲਿਸ ਨੇ ਐਤਵਾਰ ਨੂੰ ਐੱਸਐੱਸਪੀ ਆਦਿਤਿਆ ਦੀ ਅਗਵਾਈ ਹੇਠ ਨਸ਼ੇ ਖ਼ਿਲਾਫ਼ ਵਿਸ਼ੇਸ਼ ਕਾਸੋ ਮੁਹਿੰਮ ਚਲਾਈ ਗਈ। ਮੁਹਿੰਮ ਦਾ ਮੁੱਖ ਮਕਸਦ ਨਸ਼ਾ ਤਸਕਰੀ ’ਤੇ ਰੋਕ ਲਗਾਉਣਾ, ਸੰਵੇਦਨਸ਼ੀਲ ਇਲਾਕਿਆਂ ਅਤੇ ਨਸ਼ੇ ਦੇ ਹਾਟ ਸਪਾਟ ’ਤੇ ਛਾਪੇਮਾਰੀ ਕਰਨਾ, ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨਾ ਅਤੇ ਆਮ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾ ਪ੍ਰਤੀ ਜਾਗਰੂਕ ਕਰਨਾ ਸੀ। ਪੁਲਿਸ ਟੀਮਾਂ ਨੇ ਸ਼ਹਿਰ ਅਤੇ ਦਿਹਾਤ ਦੇ ਸੰਵੇਦਨਸ਼ੀਲ ਇਲਾਕਿਆਂ, ਨਸ਼ੇ ਦੇ ਹਾਟ ਸਪਾਟ, ਜਨਤਕ ਸਥਾਨਾਂ ਆਦਿ ’ਚ ਚੈਕਿੰਗ ਕੀਤੀ। ਐੱਸਐੱਸਪੀ ਨੇ ਦੱਸਿਆ ਕਿ ਮੁਹਿੰਮ ਦੌਰਾਨ ਪੰਜ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰ ਰਹੀ ਹੈ। ਦੋ ਦਿਨ ਪਹਿਲਾਂ ਹੀ ਕਰੀਬ ਦੋ ਕਿਲੋ ਹੈਰੋਇਨ ਸਮੇਤ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਸੱਤ ਪਿਸਤੌਲਾਂ ਸਮੇਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਕਾਰਵਾਈ ਦਰਸਾਉਂਦੀ ਹੈ ਕਿ ਜ਼ਿਲ੍ਹਾ ਪੁਲਿਸ ਨਸ਼ਾ ਅਤੇ ਗ਼ੈਰਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਨੂੰ ਤੋੜਨ ਲਈ ਸਰਗਰਮ ਹੈ। ਕਾਸੋ ਮੁਹਿੰਮ ’ਚ ਪੁਲਿਸ ਦੇ ਅਧਿਕਾਰੀ, ਐੱਸਐੱਚਓ ਅਤੇ ਸਪੈਸ਼ਲ ਟੀਮਾਂ ਸ਼ਾਮਲ ਰਹੀਆਂ। ਐੱਸਐੱਸਪੀ ਨੇ ਦੱਸਿਆ ਕਿ ਸਿਰਫ਼ ਗ੍ਰਿਫ਼ਤਾਰੀ ਅਤੇ ਕਾਰਵਾਈ ਹੀ ਮੁਹਿੰਮ ਦਾ ਟੀਚਾ ਨਹੀਂ ਹੈ, ਸਗੋਂ ਲੋਕਾਂ ਨੂੰ ਜਾਗਰੂਕ ਕਰਨਾ ਵੀ ਓਨਾ ਹੀ ਜ਼ਰੂਰੀ ਹੈ। ਇਸ ਲਈ ਸਕੂਲ-ਕਾਲਜਾਂ ’ਚ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ। ਇਨ੍ਹਾਂ ਸੈਮੀਨਾਰਾਂ ’ਚ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਖੇਡ, ਪੜ੍ਹਾਈ ਅਤੇ ਰਚਨਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੁਲਿਸ ਮਾਤਾ-ਪਿਤਾ, ਅਧਿਆਪਕਾਂ, ਪੰਚਾਇਤਾਂ ਅਤੇ ਸਮਾਜਿਕ-ਧਾਰਮਿਕ ਸੰਸਥਾਵਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਕਿਸੇ ਵੀ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਐੱਸਐੱਸਪੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਨਸ਼ਾ ਵੇਚਣ ਜਾਂ ਨਸ਼ਾ ਕਰਨ ਦੀ ਸੂਚਨਾ ਮਿਲੇ ਤਾਂ ਤੁਰੰਤ ਪੁਲਿਸ ਨੂੰ ਦੱਸੋ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਲਈ ਸਮੂਹਿਕ ਸਹਿਯੋਗ ਜ਼ਰੂਰੀ ਹੈ।