- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੀਆਂ ਚੋਣਾਂ ਅੱਜ, ਹੋਵੇਗਾ ਨਵੇਂ ਪ੍ਰਧਾਨ ਦਾ ਫੈਸਲਾ

--ਪ੍ਰਧਾਨ ਦੇ ਅਹੁਦੇ ਲਈ ਨਰੇਸ਼ ਠਾਕੁਰ ਅਤੇ ਹਰਪ੍ਰੀਤ ਸਿੰਘ ਵਿਚਾਲੇ ਫਸਵਾਂ ਮੁਕਾਬਲਾ
--ਸਵੇਰੇ ਸਾਢੇ ਨੌ ਤੋਂ ਚਾਰ ਵਜੇ ਤੱਕ ਪੈਣਗੀਆਂ ਵੋਟਾਂ, ਤੁਰੰਤ ਹੋਵੇਗੀ ਮਤਗਣਨਾ
ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਦੀ ਪ੍ਰਕਿਰਿਆ ਆਪਣੇ ਅੰਤਿਮ ਮੁਕਾਮ ਤੇ ਪੁੱਜ ਗਈ ਹੈ। ਅੱਜ 11 ਸਤੰਬਰ ਨੂੰ ਪੰਜਾਬੀ ਦੀਆਂ ਵੱਖ-ਵੱਖ ਬਾਰ ਐਸੋਸੀਏਸ਼ਨਾਂ ਦੀ ਚੋਣ ਪ੍ਰਕਿਰਿਆ ਨੇਪਰੇ ਚੜੇਗੀ। ਇਸੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਚੋਣ ਅਮਲ ਨੂੰ ਰਿਟਰਨਿੰਗ ਅਫਸਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਵੋਟਾਂ ਸਵੇਰੇ ਸਾਢੇ ਨੌ ਤੋਂ ਜ਼ਿਲ੍ਹਾ ਕਚਿਹਰੀਆਂ ਦੇ ਸਰਵਿਸ ਬਲਾਕ ਦੇ ਬਾਰ ਰੂਮ ਵਿੱਚ ਪੈਣਗੀਆਂ ਅਤੇ ਦੁਪਹਿਰ ਚਾਰ ਵਜੇ ਤੱਕ ਇਹ ਪ੍ਰਕਿਰਿਆ ਜਾਰੀ ਰਹੇਗੀ। ਵੋਟਿੰਗ ਖਤਮ ਹੋਣ ਦੇ ਤੁਰੰਤ ਬਾਅਦ ਮਤਗਣਨਾ ਵੀ ਸ਼ੁਰੂ ਕਰ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਵੱਲੋਂ ਅੰਤਿਮ ਪੜਾਅ ਵਿੱਚ ਵੋਟਰਾਂ ਨੂੰ ਆਪਣੇ ਹੱਕ ਵਿੱਚ ਲਾਮਬੰਦ ਕਰਨ ਲਈ ਪੂਰੀ ਵਾਹ ਲਾਈ ਗਈ। ਅੰਤਿਮ 5 ਦਿਨਾਂ ਵਿੱਚ ਚੋਣ ਪ੍ਰਚਾਰ ਪੂਰੇ ਸਿਖਰ ਤੇ ਪਹੁੰਚ ਗਿਆ।
ਜ਼ਿਕਰਯੋਗ ਹੈ ਕਿ ਇਸ ਵਾਰ 3 ਅਹੁਦਿਆਂ ਲਈ ਵੋਟਾਂ ਪੈਣਗੀਆਂ ਜਦੋਂ ਕਿ 3 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੇ ਹਨ। ਸਭ ਤੋਂ ਅਹਿਮ ਤੇ ਫਸਵਾਂ ਮੁਕਾਬਲਾ ਪ੍ਰਧਾਨ ਦੇ ਅਹੁਦੇ ਲਈ ਚੱਲ ਰਿਹਾ ਹੈ ਜਿਸ ਵਿੱਚ ਐਡਵੋਕੇਟ ਨਰੇਸ਼ ਠਾਕੁਰ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਹੈਰੀ ਵਿਚਾਲੇ ਸਿੱਧਾ ਮੁਕਾਬਲਾ ਹੈ। ਦੋਨਾਂ ਹੀ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਵਿੱਚ ਪੂਰੀ ਤਾਕਤ ਝੌਂਕੀ ਜਾ ਰਹੀ ਹੈ। ਐਡਵੋਕੇਟ ਨਰੇਸ਼ ਠਾਕੁਰ ਪਹਿਲਾਂ ਵੀ 2 ਵਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਦੇ ਮੁਕਾਬਲੇ ਐਡਵੋਕੇਟ ਹਰਪ੍ਰੀਤ ਸਿੰਘ ਹੈਰੀ ਪਹਿਲੀ ਵਾਰ ਕਿਸਮਤ ਅਜ਼ਮਾ ਰਹੇ ਹਨ। ਉਹ ਸੀਨੀਅਰ ਐਡਵੋਕੇਟ ਸਵਗਰੀ ਬਹਾਦਰ ਸਿੰਘ ਦੇ ਸਪੁੱਤਰ ਹਨ। ਦੋਨਾਂ ਹੀ ਉਮੀਦਵਾਰਾਂ ਵੱਲੋਂ ਪੂਰੀ ਤਾਕਤ ਨਾਲ ਅਤੇ ਸੁਚੱਜੇ ਢੰਗ ਨਾਲ ਚੋਣ ਪ੍ਰਚਾਰ ਕੀਤਾ ਗਿਆ ਅਤੇ ਆਪਣੇ ਹੱਕ ਵਿੱਚ ਲਾਮਬੰਦੀ ਕੀਤੀ ਗਈ। ਇਸ ਤੋਂ ਇਲਾਵਾ ਵਾਈਸ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਮਨੀਸ਼ ਕੁਮਾਰ ਅਤੇ ਐਡਵੋਕੇਟ ਜਗਨਦੀਪ ਸਿੰਘ ਚਾਨਣ ਵਿਚਾਲੇ ਸਿੱਧਾ ਮੁਕਾਬਲਾ ਹੈ। ਤੀਸਰਾ ਮੁਕਾਬਲਾ ਕੈਸ਼ੀਅਰ ਦੇ ਅਹੁਦੇ ਲਈ ਹੋਵੇਗਾ ਜਿਸ ਵਿੱਚ ਹਰਸਿਮਰਨ ਸਿੰਘ ਕਾਹਲੋਂ ਅਤੇ ਰਜਤ ਕੁਮਾਰ ਆਹਮੋ ਸਾਹਮਣੇ ਹਨ। ਦੱਸਣਯੋਗ ਹੈ ਕਿ ਇਸ ਵਾਰ ਕਰੀਬ 930 ਵਕੀਲਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਹੈ। ਇਸ ਵਾਰ ਖਾਸ ਗੱਲ ਇਹ ਰਹੇਗੀ ਕਿ ਪਹਿਲੀ ਵਾਰ ਕਾਰਜਕਾਰਨੀ ਮੈਂਬਰਾਂ ਲਈ ਵੀ ਵੋਟਾਂ ਪੈਣਗੀਆਂ। 15 ਮੈਂਬਰੀ ਕਾਰਜਕਾਰਨੀ ਕਮੇਟੀ ਵਿੱਚ 5 ਮੈਂਬਰ ਸੀਨੀਅਰ ਵਕੀਲਾਂ ਵਿੱਚੋਂ ਸ਼ਾਮਲ ਕਰਨੇ ਜ਼ਰੂਰੀ ਸਨ ਪਰ 7 ਸੀਨੀਅਰ ਵਕੀਲਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ। ਹੁਣ ਇੰਨਾਂ 7 ਵਿੱਚੋਂ 5 ਕਾਰਜਕਾਰਨੀ ਮੈਂਬਰ ਚੁਣਨ ਲਈ ਵੀ ਵੋਟਾਂ ਪਾਈਆਂ ਜਾਣਗੀਆਂ। ਚਾਰ ਵਜੇ ਵੋਟ ਪ੍ਰਕਿਰਿਆ ਦੇ ਸਮਾਪਨ ਉਪਰੰਤ ਗਿਣਤੀ ਸ਼ੁਰੂ ਕੀਤੀ ਜਾਵੇਗੀ ਅਤੇ ਸ਼ਾਮ 6 ਤੋਂ ਸਾਢੇ 6 ਵਜੇ ਤੱਕ ਸਾਰੇ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਹ ਵੀ ਦੱਸਣਯੋਗ ਹੈ ਕਿ ਵਾਈਸ ਪ੍ਰਧਾਨ ਮਹਿਲਾ ਰਾਂਖਵਾਂ ਕੋਟੇ ਵਿੱਚੋਂ ਐਡਵੋਕੇਟ ਮੀਨੂੰ ਅੱਤਰੀ, ਸਕੱਤਰ ਦੇ ਅਹੁਦੇ ਲਈ ਜਸਕਰਨ ਸਿੰਘ ਅਤੇ ਜੁਆਇੰਟ ਸਕੱਤਰ ਦੇ ਅਹੁਦੇ ਲਈ ਸ਼ੁਭਦੀਪ ਕੌਰ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।