ਬਲੈਕ ਆਊਟ ਦਾ ਹੁਕਮ ਭੁੱਲਿਆ ਜ਼ਿਲ੍ਹਾ ਪ੍ਰਸ਼ਾਸਨ, ਗੁਰਦਾਸਪੁਰ ’ਚ ਜਗਦੀਆਂ ਰਹੀਆਂ ਲਾਈਟਾਂ ਬਲੈਕ ਆਊਟ ਦਾ ਹੁਕਮ ਭੁੱਲਿਆ ਜ਼ਿਲ੍ਹਾ ਪ੍ਰਸ਼ਾਸਨ, ਗੁਰਦਾਸਪੁਰ ਵਿੱਚ ਜਗਦੀਆਂ ਰਹੀਆਂ ਲਾਈਟਾਂ
Publish Date: Fri, 27 Nov 2026 08:56 PM (IST)
Updated Date: Sat, 28 Nov 2026 04:11 AM (IST)
- ਪ੍ਰਸ਼ਾਸਨ ਦੀਆਂ ਤਿਆਰੀਆਂ ਤੇ ਨਿਰਦੇਸ਼ਾਂ ਦੀ ਪਾਲਣਾ ਨੂੰ ਲੈ ਕੇ ਖੜ੍ਹੇ ਹੋਏ ਸਵਾਲ ਜੀਆਰਪੀ—ਗੁਰਦਾਸਪੁਰ ਵਿੱਚ ਬਲੈਕ ਆਊਟ ਦੌਰਾਨ ਜਗਦੀਆਂ ਲਾਈਟਾਂ। ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਪਰਖਣ ਲਈ ਸ਼ੁੱਕਰਵਾਰ ਰਾਤ 8 ਤੋਂ 8:30 ਵਜੇ ਤੱਕ ਗੁਰਦਾਸਪੁਰ ਜ਼ਿਲ੍ਹੇ ’ਚ ਬਲੈਕ ਆਊਟ ਮੌਕ ਡਰਿੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਗੁਰਦਾਸਪੁਰ ’ਚ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਨਿਰਦੇਸ਼ਾਂ ਨੂੰ ਲਾਗੂ ਕਰਵਾਉਣ ’ਚ ਨਾਕਾਮ ਨਜ਼ਰ ਆਇਆ। ਨਿਰਧਾਰਿਤ ਸਮੇਂ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸਟ੍ਰੀਟ ਲਾਈਟਾਂ ਤੇ ਹੋਰ ਥਾਵਾਂ ਤੇ ਬਿਜਲੀ ਦੀਆਂ ਲਾਈਟਾਂ ਜਗਦੀਆਂ ਰਹੀਆਂ। ਇਸ ਤਰ੍ਹਾਂ ਬਲੈਕ ਆਊਟ ਦਾ ਅਭਿਆਸ ਸਿਰਫ਼ ਸਰਕਾਰੀ ਐਲਾਨ ਤੱਕ ਹੀ ਸੀਮਤ ਰਹਿ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ 27 ਨਵੰਬਰ ਨੂੰ ਰਾਤ 8 ਤੋਂ 8:30 ਵਜੇ ਤੱਕ ਜ਼ਿਲ੍ਹੇ ’ਚ ਬਲੈਕ ਆਊਟ ਮੌਕ ਡਰਿੱਲ ਕਰਵਾਈ ਜਾਵੇਗੀ। ਇਸ ਤਹਿਤ ਸ਼ਹਿਰ ’ਚ ਰਾਤ 8 ਵਜੇ ਸਾਇਰਨ ਵਜਾ ਕੇ ਬਲੈਕ ਆਊਟ ਸ਼ੁਰੂ ਕੀਤਾ ਜਾਣਾ ਸੀ, ਜਦਕਿ ਰਾਤ 8:30 ਵਜੇ ਦੁਬਾਰਾ ਸਾਇਰਨ ਵਜਾ ਕੇ ਅਭਿਆਸ ਖ਼ਤਮ ਕੀਤਾ ਜਾਣਾ ਸੀ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਨਿਰਦੇਸ਼ ਦਿੱਤੇ ਸਨ ਕਿ ਬਲੈਕ ਆਊਟ ਦੌਰਾਨ ਸ਼ਹਿਰ ਦੀਆਂ ਸਾਰੀਆਂ ਲਾਈਟਾਂ ਬੰਦ ਰੱਖੀਆਂ ਜਾਣਗੀਆਂ। ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਘਰਾਂ ’ਚ ਇਨਵਰਟਰ ਤੇ ਜਨਰੇਟਰ ਬੰਦ ਰੱਖਣ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀਆਂ ਲਾਈਟਾਂ, ਜੋ ਹਨੇਰਾ ਹੋਣ ਤੇ ਆਪਣੇ ਆਪ ਚਾਲੂ ਹੋ ਜਾਂਦੀਆਂ ਹਨ, ਉਨ੍ਹਾਂ ਨੂੰ ਵੀ ਨਿਰਧਾਰਿਤ ਸਮੇਂ ਦੌਰਾਨ ਬੰਦ ਕਰਨ ਲਈ ਕਿਹਾ ਗਿਆ ਸੀ, ਤਾਂ ਜੋ ਪੂਰੇ ਸ਼ਹਿਰ ਵਿੱਚ ਪੂਰੀ ਤਰ੍ਹਾਂ ਹਨੇਰਾ ਰਹੇ। ਪ੍ਰਸ਼ਾਸਨ ਵੱਲੋਂ ਇਹ ਮੌਕ ਡਰਿੱਲ ਸਿਰਫ਼ ਸ਼ਹਿਰੀ ਖੇਤਰਾਂ ਤੱਕ ਸੀਮਤ ਨਹੀਂ ਰੱਖੀ ਗਈ ਸੀ, ਸਗੋਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਵੀ ਸੁਰੱਖਿਆ ਅਭਿਆਸ ਕਰਵਾਉਣ ਦੀ ਗੱਲ ਕਹੀ ਗਈ ਸੀ। ਇਸ ਦੌਰਾਨ ਲੋਕਾਂ ਨੂੰ ਸੜਕ ਤੇ ਆਵਾਜਾਈ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਸੀ। ਨਾਲ ਹੀ ਸਪੱਸ਼ਟ ਕੀਤਾ ਗਿਆ ਸੀ ਕਿ ਇਹ ਸਿਰਫ਼ ਇੱਕ ਅਭਿਆਸ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਸ ਦੇ ਬਾਵਜੂਦ ਗੁਰਦਾਸਪੁਰ ਸ਼ਹਿਰ ’ਚ ਨਿਰਧਾਰਿਤ ਸਮੇਂ ਦੌਰਾਨ ਲਾਈਟਾਂ ਜਗਦੀਆਂ ਰਹਿਣ ਕਾਰਨ ਪ੍ਰਸ਼ਾਸਨ ਦੀਆਂ ਤਿਆਰੀਆਂ ਅਤੇ ਨਿਰਦੇਸ਼ਾਂ ਦੀ ਪਾਲਣਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।