ਦੀਪਨੂਰ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਆਰਮੀ ਏਵੀਏਸ਼ਨ ਕੋਰ ’ਚ ਬਣੀ ਲੈਫਟੀਨੈਂਟ ਦੀਪਨੂਰ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਆਰਮੀ ਏਵੀਏਸ਼ਨ ਕੋਰ ਵਿੱਚ ਬਣੀ ਲੈਫਟੀਨੈਂਟ
Publish Date: Wed, 09 Sep 2026 03:32 PM (IST)
Updated Date: Wed, 09 Sep 2026 03:34 PM (IST)
---ਇੰਦਰਜੀਤ ਸਿੰਘ ਬਾਜਵਾ ਨੇ ਦੀਪਨੂਰ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਬੇਟੀਆਂ ਅੱਜ ਕਿਸੇ ਵੀ ਖੇਤਰ ਵਿੱਚ ਬੇਟਿਆਂ ਤੋਂ ਪਿੱਛੇ ਨਹੀਂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ: ਗੁਰਦਾਸਪੁਰ ਦੀ ਬੇਟੀ ਦੀਪਨੂਰ ਨੇ ਭਾਰਤੀ ਸੈਨਾ ਦੀ ਪ੍ਰਤਿਸ਼ਠਿਤ ਆਰਮੀ ਏਵੀਏਸ਼ਨ ਕੋਰ ਵਿੱਚ ਲੈਫਟੀਨੈਂਟ ਵਜੋਂ ਕਮਿਸ਼ਨ ਪ੍ਰਾਪਤ ਕਰਕੇ ਜ਼ਿਲ੍ਹੇ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਖੇਤਰ ਵਿੱਚ ਖੁਸ਼ੀ ਦੀ ਲਹਿਰ ਹੈ। ਦੀਪਨੂਰ ਦੀ ਸਫਲਤਾ ਤੇ ਗੁਰਦਾਸਪੁਰ ਦੇ ਸਮਾਜ ਸੇਵੀ ਇੰਦਰਜੀਤ ਸਿੰਘ ਬਾਜਵਾ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਚੇਨੱਈ ਸਥਿਤ ਆਫਿਸਰਜ਼ ਟ੍ਰੇਨਿੰਗ ਅਕੈਡਮੀ ਵਿੱਚ ਆਯੋਜਿਤ ਪਾਸਿੰਗ ਆਊਟ ਪਰੇਡ ਦੌਰਾਨ ਦੀਪਨੂਰ ਸਮੇਤ ਪੰਜਾਬ ਦੇ ਚਾਰ ਕੈਡਿਟਾਂ ਨੂੰ ਭਾਰਤੀ ਸੈਨਾ ਵਿੱਚ ਲੈਫਟੀਨੈਂਟ ਵਜੋਂ ਕਮਿਸ਼ਨ ਪ੍ਰਦਾਨ ਕੀਤਾ ਗਿਆ। ਇਸ ਮੌਕੇ ਤੇ ਆਯੋਜਿਤ ਪਰੇਡ ਦਾ ਨਿਰੀਖਣ ਨੌਸੇਨਾ ਮੁਖੀ ਐਡਮਿਰਲ ਕ੍ਰਿਸ਼ਣ ਸਵਾਮੀਨਾਥਨ ਨੇ ਕੀਤਾ। ਸੈਨਾ ਵਿੱਚ ਅਫਸਰ ਵਜੋਂ ਚੁਣੇ ਜਾਣ ਤੋਂ ਬਾਅਦ ਦੀਪਨੂਰ ਨੂੰ ਆਰਮੀ ਏਵੀਏਸ਼ਨ ਕੋਰ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਦੀਪਨੂਰ, ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਦੇ ਪ੍ਰੋਫੈਸਰ ਸੁਖਬੀਰ ਸਿੰਘ ਅਤੇ ਸਰਕਾਰੀ ਸਕੂਲ ਦੀ ਅਧਿਆਪਿਕਾ ਰਮਨਪ੍ਰੀਤ ਕੌਰ ਦੀ ਬੇਟੀ ਹਨ। ਉਨ੍ਹਾਂ ਨੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੀਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਤੋਂ ਸਿਖਲਾਈ ਪ੍ਰਾਪਤ ਕੀਤੀ। ਸਮਾਜ ਸੇਵੀ ਇੰਦਰਜੀਤ ਸਿੰਘ ਬਾਜਵਾ ਨੇ ਦੀਪਨੂਰ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਬੇਟੀਆਂ ਅੱਜ ਕਿਸੇ ਵੀ ਖੇਤਰ ਵਿੱਚ ਬੇਟਿਆਂ ਤੋਂ ਪਿੱਛੇ ਨਹੀਂ ਹਨ। ਦੀਪਨੂਰ ਨੇ ਸੈਨਿਕ ਸੇਵਾ ਵਿੱਚ ਅਫਸਰ ਬਣ ਕੇ ਨਾ ਸਿਰਫ਼ ਆਪਣੇ ਮਾਤਾ-ਪਿਤਾ ਦਾ ਮਾਣ ਵਧਾਇਆ ਹੈ, ਸਗੋਂ ਗੁਰਦਾਸਪੁਰ ਅਤੇ ਪੂਰੇ ਪੰਜਾਬ ਦਾ ਮਾਣ ਵੀ ਵਧਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਪ੍ਰਾਪਤੀ ਖੇਤਰ ਦੀਆਂ ਹੋਰ ਬੇਟੀਆਂ ਨੂੰ ਵੀ ਭਾਰਤੀ ਸੇਨਾ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗੀ। ਇਸ ਮੌਕੇ ਪਰਿਵਾਰ ਵੱਲੋਂ ਇੰਦਰਜੀਤ ਸਿੰਘ ਬਾਜਵਾ ਦਾ ਧੰਨਵਾਦ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੀਪਨੂਰ ਦੀ ਸਫਲਤਾ ਉਨ੍ਹਾਂ ਦੇ ਮਾਤਾ-ਪਿਤਾ ਅਤੇ ਗੁਰੂਆਂ ਦੇ ਮਾਰਗਦਰਸ਼ਨ ਅਤੇ ਉਸਦੀ ਆਪਣੀ ਮਿਹਨਤ ਦਾ ਸਿੱਟਾ ਹੈ।