ਧਰਮ ਸਿੰਘ ਗੋਰਾਇਆ ਦੀ ਪੁਸਤਕ 'ਰਾਵੀ ਮੇਰੇ ਆਰ ਪਾਰ' ਦਾ ਲੋਕ ਅਰਪਣ ਧਰਮ ਸਿੰਘ ਗੋਰਾਇਆ ਦੀ ਪੁਸਤਕ 'ਰਾਵੀ ਮੇਰੇ ਆਰ ਪਾਰ' ਦਾ ਕੀਤਾ ਲੋਕ ਅਰਪਣ
Publish Date: Sun, 18 Oct 2026 03:45 PM (IST)
Updated Date: Mon, 19 Oct 2026 04:00 AM (IST)
-ਸੁਸ਼ੀਲ ਦੁਸਾਂਝ ਤੇ ਮੱਖਣ ਕੁਹਾੜ ਦੇ ਪੈਨਲ ਨੂੰ ਵੋਟ ਪਾਉਣ ਦੀ ਕੀਤੀ ਅਪੀਲ ਸਰਬਜੀਤ ਚਾਹਲ, ਪੰਜਾਬੀ ਜਾਗਰਣ, ਗੁਰਦਾਸਪੁਰ : ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਅਤੇ ਹੋਰ ਸਹਿਯੋਗੀ ਸਾਹਿਤ ਸਭਾਵਾਂ ਵੱਲੋਂ ਸ਼ਹੀਦ ਬਲਜੀਤ ਸਿੰਘ ਯਾਦਗਾਰੀ ਭਵਨ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਅਮਰੀਕਾ ਦੇ ਸ਼ਹਿਰ ਤੋਂ ਆਪਣੀ ਜਨਮ ਭੂਮੀ (ਪੰਜਾਬ) ਦੀ ਜ਼ਿਆਰਤ ਕਰਨ ਆਏ ਉੱਘੇ ਚਿੰਤਕ ਤੇ ਲੇਖਕ ਧਰਮ ਸਿੰਘ ਗੋਰਾਇਆ ਦੀ ਪੁਸਤਕ ਰਾਵੀ ਮੇਰੇ ਆਰ-ਪਾਰ ਦਾ ਲੋਕ ਅਰਪਣ ਅਤੇ ਲੇਖਕ ਨਾਲ਼ ਰੂਬਰੂ ਸਮਾਗਮ ਡਾਕਟਰ ਲੇਖ ਰਾਜ, ਤਰਸੇਮ ਸਿੰਘ ਭੰਗੂ, ਧਰਮ ਸਿੰਘ ਗੋਰਾਇਆ, ਜੇਪੀ ਖਰਲਾਂ ਵਾਲਾ ਅਤੇ ਮੱਖਣ ਕੁਹਾੜ ਦੇ ਪ੍ਰਧਾਨਗੀ ਮੰਡਲ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਸਮਾਗਮ ਦਾ ਆਗਾਜ਼ ਇਨਕਲਾਬੀ ਕਵੀ ਵਿਜੇ ਅਗਨੀਹੋਤਰੀ ਦੇ ਗੀਤ ਨਾਲ਼ ਕੀਤਾ ਗਿਆ। ਇਸ ਉਪਰੰਤ ਧਰਮ ਸਿੰਘ ਗੋਰਾਇਆ ਦੀ ਪੁਸਤਕ ਰਾਵੀ ਮੇਰੇ ਆਰ-ਪਾਰ ਦਾ ਲੋਕ ਅਰਪਣ ਕੀਤਾ ਗਿਆ। ਹਾਜ਼ਰ ਲੇਖਕਾਂ ਤੇ ਪਾਠਕਾਂ ਦੇ ਰੂਬਰੂ ਹੁੰਦਿਆਂ ਗੋਰਾਇਆ ਨੇ ਪੁੱਛੇ ਗਏ ਸਾਹਿਤਕ ਸਵਾਲਾਂ ਦੇ ਬੜੀ ਸੂਝ-ਬੂਝ ਤੇ ਬੇਬਾਕੀ ਨਾਲ ਉੱਤਰ ਦਿੱਤੇ। ਦਰਿਆ ਰਾਵੀ ਤੇ ਇਸ ਦੇ ਆਰ ਪਾਰ ਵਸਦੇ ਪੰਜਾਬੀਆਂ ਨਾਲ਼ ਆਪਣਾ ਮੋਹ, ਹੇਰਵਾ, ਸਾਂਝ ਤੇ ਅਪਣੱਤ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੱਸਿਆ ਕਿ ਰਾਵੀ ਉਨ੍ਹਾਂ ਲਈ ਸਿਰਫ਼ ਇੱਕ ਨਦੀ ਨਹੀਂ ਸਗੋਂ ਉਸ ਨੂੰ ਜਿਉਣ ਦੀ ਜਾਚ ਸਿਖਾਉਣ ਵਾਲੀ ਤੇ ਕਾਇਨਾਤੀ ਵਰਤਾਰਿਆਂ ਦੀ ਸੋਝੀ ਬਖਸ਼ਿਸ਼ ਕਰਨ ਵਾਲੀ ਦੇਵੀ ਹੈ। ਸਵਾਲ-ਜਵਾਬ ਦੇ ਸਿਲਸਿਲੇ ਨੂੰ ਤਰਸੇਮ ਸਿੰਘ ਭੰਗੂ, ਜਗਜੀਤ ਸਿੰਘ ਅਲੂਣਾ, ਪ੍ਰਿੰਸੀਪਲ ਮੱਸਾ ਸਿੰਘ ਰੰਧਾਵਾ, ਵਿਜੇ ਅਗਨੀਹੋਤਰੀ, ਕੁਲਦੀਪ ਘਾਂਗਲਾ, ਮੱਖਣ ਕੁਹਾੜ ਤੇ ਹੋਰ ਜਗਿਆਸੂਆਂ ਨੇ ਅੱਗੇ ਵਧਾਇਆ। ਇਸ ਉਪਰੰਤ ਜ਼ਿਲ੍ਹਾ ਸਾਹਿਤ ਕੇਂਦਰ ਅਤੇ ਸਹਿਯੋਗੀ ਸਾਹਿਤ ਸਭਾਵਾਂ ਦੇ ਆਗੂਆਂ ਡਾਕਟਰ ਲੇਖ ਰਾਜ, ਸੀਤਲ ਸਿੰਘ ਗੁੰਨੋਪੁਰੀ, ਜੇਪੀ ਖਰਲਾਂ ਵਾਲਾ, ਤਰਸੇਮ ਸਿੰਘ ਭੰਗੂ ਤੇ ਬੂਟਾ ਰਾਮ ਆਜ਼ਾਦ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ 25 ਅਕਤੂਬਰ ਦਿਨ ਐਤਵਾਰ ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਹੋਣ ਜਾ ਰਹੀ ਚੋਣ ਪ੍ਰਕਿਰਿਆ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਤੇ ਸੁਸ਼ੀਲ ਦੁਸਾਂਝ ਤੇ ਮੱਖਣ ਕੁਹਾੜ ਦੇ ਪੈਨਲ ਨੂੰ ਵੋਟ ਪਾਉਣ ਦੀ ਪੁਰਜ਼ੋਰ ਅਪੀਲ ਕੀਤੀ। ਸਮਾਗਮ ਦੇ ਦੂਜੇ ਪੜਾਅ ਵਿੱਚ ਹਾਜ਼ਰ ਕਵੀਆਂ ਤੇ ਆਧਾਰਿਤ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦਾ ਪ੍ਰੀਤ ਰਾਣਾ ਨੇ ਆਪਣੀ ਸੋਜ਼ਮਈ ਆਵਾਜ਼ ਨਾਲ਼ ਆਗਾਜ਼ ਕੀਤਾ। ਸੁਖਬੀਰ ਸਿੰਘ ਨੂਰ, ਕੁਲਦੀਪ ਸਿੰਘ ਘਾਂਗਲਾ, ਹਰਪਾਲ ਸਿੰਘ ਬੈਂਸ, ਕੁਲਜੀਤ ਸਿੰਘ ਰੰਧਾਵਾ, ਬਲਬੀਰ ਸਿੰਘ ਬੀਰਾ, ਬੂਟਾ ਰਾਮ ਆਜ਼ਾਦ, ਨਿਸ਼ਾਨ ਸਿੰਘ ਜੌੜਾ ਸਿੰਘਾ, ਹੀਰਾ ਸਿੰਘ ਸੈਣੀ, ਸੀਤਲ ਸਿੰਘ ਗੁੰਨੋਪੁਰੀ, ਲੇਖ ਰਾਜ ਤੇ ਹੋਰ ਹਾਜ਼ਰ ਕਵੀਆਂ ਨੇ ਆਪੋ-ਆਪਣੀਆਂ ਰਚਨਾਵਾਂ ਸੁਣਾ ਕੇ ਇਸ ਨੂੰ ਅੱਗੇ ਵਧਾਇਆ। ਇਸ ਮੌਕੇ ਕਾਮਰੇਡ ਕੁਲਦੀਪ ਸਿੰਘ ਰਿਆੜ, ਸੋਹਣ ਸਿੰਘ, ਕੁਲਵੰਤ ਸਿੰਘ ਮੀਆਂ ਕੋਟ ਤੇ ਹੋਰ ਸਰੋਤਿਆਂ ਨੇ ਵੀ ਆਪਣੀ ਹਾਜ਼ਰੀ ਲਵਾਈ।