ਅਕਸੈੱਲਸੀਅਰ ਸਕੂਲ ਬਟਾਲਾ ਵਿਖੇ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਕਰਵਾਈ ਅਕਸੈੱਲਸੀਅਰ ਸਕੂਲ ਬਟਾਲਾ ਵਿਖੇ “ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ” ਵਿਸ਼ੇ ’ਤੇ ਵਿਕਸਿਤ ਭਾਰਤ ਯੂਥ ਪਾਰਲੀਮੈਂਟ
Publish Date: Tue, 17 Nov 2026 05:38 PM (IST)
Updated Date: Tue, 17 Nov 2026 05:40 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ: ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਮਾਈ ਭਾਰਤ ਗੁਰਦਾਸਪੁਰ ਵੱਲੋਂ ਐਕਸਲਸੀਅਰ ਪਬਲਿਕ ਸਕੂਲ, ਬਟਾਲਾ ਵਿਖੇ ਜ਼ਿਲ੍ਹਾ ਪੱਧਰੀ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਸਫਲਤਾਪੂਰਵਕ ਕਰਵਾਈ ਗਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਨਸ਼ਾ ਮੁਕਤ ਤੇ ਵਿਕਸਿਤ ਭਾਰਤ ਦੀ ਸਿਰਜਣਾ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਤੋਂ ਵਿਧਾਇਕਾ, ਭਾਰਤੀ ਜਨਤਾ ਯੁਵਾ ਮੋਰਚਾ ਦੀ ਰਾਸ਼ਟਰੀ ਉਪ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਪ੍ਰਸਿੱਧ ਯੁਵਾ ਪ੍ਰੇਰਣਾ ਸਰੋਤ ਸ਼ਗੁਨ ਪਰਿਹਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਨੇ ਨੌਜਵਾਨ ਭਾਗੀਦਾਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਅਪਣਾਉਣ ਅਤੇ ਦੇਸ਼ ਦੇ ਨਿਰਮਾਣ ਵਿੱਚ ਉਸਾਰੂ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਭਾਗੀਦਾਰਾਂ ਨੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਜਾਗਰੂਕਤਾ, ਸਿੱਖਿਆ, ਭਾਈਚਾਰਕ ਸ਼ਮੂਲੀਅਤ ਅਤੇ ਸਾਂਝੇ ਯਤਨਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਭਾਗੀਦਾਰਾਂ ਦੀਆਂ ਪੇਸ਼ਕਾਰੀਆਂ ਅਤੇ ਜਿਊਰੀ ਵੱਲੋਂ ਕੀਤੇ ਮੁਲਾਂਕਣ ਉਪਰੰਤ ਤਿੰਨ ਬਿਹਤਰੀਨ ਭਾਗੀਦਾਰਾਂ ਨੂੰ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਦਾਨ ਕੀਤਾ ਗਿਆ। ਚੁਣੇ ਗਏ ਤਿੰਨੇ ਭਾਗੀਦਾਰ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜ ਪੱਧਰੀ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਵਿੱਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ, ਨੌਜਵਾਨ ਨੁਮਾਇੰਦਿਆਂ, ਅਧਿਆਪਕਾਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੀ ਸਮਾਪਤੀ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਦ੍ਰਿੜ੍ਹ ਸੰਕਲਪ ਲੈਣ ਅਤੇ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਜਾਗਰੂਕਤਾ ਦੂਤ ਬਣ ਕੇ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਦੀ ਸਾਂਝੀ ਅਪੀਲ ਨਾਲ ਹੋਈ।