ਮਕੌੜਾ ਪੱਤਣ 'ਤੇ ਪੱਕੇ ਪੁਲ ਦਾ ਨਿਰਮਾਣ ਨਾ ਹੋਣ ’ਤੇ ਲੋਕਾਂ ’ਚ ਰੋਸ ਟੈਂਡਰ ਖੁੱਲ੍ਹਣ ਦੇ ਬਾਵਜੂਦ ਮਕੌੜਾ ਪੱਤਣ ਰਾਵੀ ਦਰਿਆ 'ਤੇ ਪੱਕਾ ਪੁਲ
Publish Date: Thu, 17 Sep 2026 04:35 PM (IST)
Updated Date: Thu, 17 Sep 2026 04:38 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਸਰਹੱਦੀ ਕਸਬੇ ਦੀਨਾਨਗਰ ਦੇ ਅਧੀਨ ਆਉਂਦੇ ਮਕੌੜਾ ਪੱਤਣ ’ਤੇ ਰਾਵੀ ਦਰਿਆ ਤੇ ਪੱਕਾ ਪੁਲ ਬਣਾਉਣ ਨੂੰ ਲੈ ਕੇ ਟੈਂਡਰ ਖੁੱਲ੍ਹਣ ਦੇ ਬਾਵਜੂਦ ਵੀ ਨਿਰਮਾਣ ਕਾਰਜ ਸ਼ੁਰੂ ਨਾ ਹੋਣ ਕਾਰਨ ਦਰਿਆ ਪਾਰ ਦੇ ਲੋਕਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਦਰਿਆ ਪਾਰ ਕਰਨ ਲਈ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਣਾ ਪੈ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਾਰ-ਵਾਰ ਜਾਗਰੂਕ ਕਰਨ ਦੇ ਬਾਵਜੂਦ ਵੀ ਕੋਈ ਵੀ ਉਚਿਤ ਕਦਮ ਚੁੱਕਣ ਲਈ ਤਿਆਰ ਨਹੀਂ ਹੈ। ਜ਼ਿਕਰਯੋਗ ਹੈ ਕਿ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਕਈ ਸਾਲ ਬੀਤ ਚੁੱਕੇ ਹਨ ਪਰ ਅਜੇ ਤੱਕ ਮਕੌੜਾ ਪੱਤਣ ਤੇ ਪੱਕਾ ਪੁਲ ਬਣਾਉਣ ਲਈ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਹੈ। ਇਸ ਪੁਲ ਨੂੰ ਬਣਾਉਣ ਲਈ ਚੋਣਾਂ ਦੌਰਾਨ ਮੁੱਦਾ ਤਾਂ ਬਣਾਇਆ ਜਾਂਦਾ ਹੈ, ਪਰ ਬਾਅਦ ਵਿੱਚ ਜਿੱਤਣ ਵਾਲੀ ਪਾਰਟੀ ਇਸ ਮੁੱਦੇ ਨੂੰ ਅਗਲੇ ਪੰਜ ਸਾਲਾਂ ਤੱਕ ਲਟਕਾ ਦਿੰਦੀ ਹੈ, ਜਿਸ ਕਾਰਨ ਦਰਿਆ ਪਾਰ ਦੇ ਲੋਕ ਫਿਰ ਤੋਂ ਆਪਣਾ ਨਰਕੀ ਜੀਵਨ ਜਿਉਣ ਲਈ ਮਜਬੂਰ ਹੋ ਜਾਂਦੇ ਹਨ। ਭਾਵੇਂ ਇਸ ਦਰਿਆ ਤੇ ਆਉਣ-ਜਾਣ ਲਈ ਅਸਥਾਈ ਪੁਲ ਬਣਾਇਆ ਜਾਂਦਾ ਹੈ, ਪਰ ਬਾਰਿਸ਼ ਦੇ ਦਿਨਾਂ ਵਿੱਚ ਇਸ ਪੁਲ ਨੂੰ ਵੀ ਹਟਾ ਲਿਆ ਜਾਂਦਾ ਹੈ। ਦਰਿਆ ਪਾਰ ਰਹਿਣ ਵਾਲੇ ਬਿਕਰਮ ਸਿੰਘ, ਮੁਕੇਸ਼ ਕੁਮਾਰ, ਅਮਰੀਕ ਸਿੰਘ, ਵਿੱਕੀ, ਕੁਲਵੰਤ ਸਿੰਘ ਬਾਬਾ ਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਦਰਿਆ ਪਾਰ ਵਸੇ ਪਿੰਡ ਭਰਿਆਲ, ਚੇਬੇ, ਤੂਰਬਾਨੀ, ਮੰਮੀ ਚੱਕਰੰਗਾ, ਕੂਕਰ, ਕਜਲੇ ਤੇ ਲਸਿਆਨ ਵਿੱਚ ਅੱਠ ਹਜ਼ਾਰ ਤੋਂ ਵੱਧ ਲੋਕਾਂ ਦੀ ਆਬਾਦੀ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਤੋਂ ਦਰਿਆ ਤੇ ਪੱਕਾ ਪੁਲ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ, ਪਰ ਉਨ੍ਹਾਂ ਨੂੰ ਝੂਠੇ ਭਰੋਸਿਆਂ ਦੇ ਸਿਵਾਏ ਕੁਝ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਯਤਨਾਂ ਤੋਂ ਬਾਅਦ ਸਰਕਾਰ ਨੇ ਪੁਲ ਬਣਾਉਣ ਲਈ ਟੈਂਡਰ ਖੋਲ੍ਹ ਦਿੱਤਾ ਹੈ। ਜਦੋਂ ਕਿ ਚਾਰ ਕੰਪਨੀਆਂ ਨੇ ਟੈਂਡਰ ਵੀ ਭਰਿਆ ਹੈ ਪਰ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲ ਬਣਾਉਣ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਦੇ ਕਈ ਵਾਰ ਚੱਕਰ ਕੱਟ ਚੁੱਕੇ ਹਨ, ਪਰ ਉਨ੍ਹਾਂ ਨੂੰ ਹਰ ਵਾਰ ਇਹੀ ਭਰੋਸਾ ਦਿਵਾਇਆ ਜਾਂਦਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਜਾਣਬੁੱਝ ਕੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਰਿਸ਼ ਦੇ ਦਿਨਾਂ ਵਿੱਚ ਜਦੋਂ ਅਸਥਾਈ ਪੁਲ ਨੂੰ ਹਟਾ ਲਿਆ ਜਾਂਦਾ ਹੈ ਤਾਂ ਤਦ ਉਨ੍ਹਾਂ ਦਾ ਜ਼ਿਲ੍ਹੇ ਨਾਲ ਸੰਪਰਕ ਟੁੱਟ ਜਾਂਦਾ ਹੈ। ਇਨ੍ਹਾਂ ਪਿੰਡਾਂ ਵਿੱਚ ਆਉਣ-ਜਾਣ ਦਾ ਇਕਲੌਤਾ ਸਹਾਰਾ ਕਿਸ਼ਤੀ ਹੀ ਰਹਿ ਜਾਂਦੀ ਹੈ ਪਰ ਪਾਣੀ ਦਾ ਪੱਧਰ ਵਧਣ ਨਾਲ ਇਸ ਨੂੰ ਵੀ ਬੰਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੁਲ ਬਣਾਉਣ ਲਈ ਜਲਦੀ ਤੋਂ ਜਲਦੀ ਕੋਈ ਯਤਨ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।