- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਵੱਲੋਂ ਗਊਸ਼ਾਲਾ ਦਾ ਜਾਇਜ਼ਾ ਲੈਣ ਦੇ ਬਾਵਜੂਦ ਗਊਸ਼ਾਲਾ ਵਿੱਚ ਗਾਵਾਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ

--ਗਊਸ਼ਾਲਾ ਵਿੱਚ ਦੋ ਗਊਵੰਸ ਅਤੇ ਦੋ ਗਾਵਾਂ ਸਮੇਤ ਚਾਰ ਦੀ ਮੌਤ, ਗਊ ਭਗਤਾਂ ਵਿੱਚ ਭਾਰੀ ਰੋਸ
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਕਲਾਨੌਰ ਦੇ ਸ਼ਾਲੇ ਚੱਕ ਰੋਡ 'ਤੇ ਬਣੀ ਗਊਸ਼ਾਲਾ ’ਚ ਪਿਛਲੇ ਸਮੇਂ ਤੋਂ ਲਗਭਗ 100 ਗਾਵਾਂ ਦੀ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ਸੋਮਵਾਰ ਨੂੰ ਗਊਸ਼ਾਲਾ ਵਿੱਚ ਸੁਧਾਰ ਲਿਆਉਣ ਲਈ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਗਊਸ਼ਾਲਾ ਪ੍ਰਬੰਧਕਾਂ ਅਤੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਸੀ। ਪਰ ਉਸ ਤੋਂ ਅਗਲੇ ਹੀ ਦਿਨ ਮੰਗਲਵਾਰ ਸ਼ਾਮ ਨੂੰ ਗਊਸ਼ਾਲਾ ਦੇ ਇਲਾਜ ਕੇਂਦਰ ਵਿੱਚ ਦੋ ਗਾਵਾਂ ਅਤੇ ਦੋ ਗਊਵੰਸ (ਛੋਟੇ ਵੱਛੜਿਆਂ) ਦੀ ਮੌਤ ਹੋ ਜਾਣ ਕਾਰਨ ਗਊ ਭਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਗਊ ਭਗਤ ਕਾਲਾ ਮੈਣੀ, ਸੁਰੇਸ਼ ਫੌਜੀ, ਰਿੰਕੂ ਮਹਾਜਨ, ਰਾਕੇਸ਼ ਮਹਾਜਨ ਫੌਜੀ, ਮੋਹਨ ਲਾਲ, ਸ਼ਨੀਲ ਕੁਮਾਰ, ਬਿੱਟੂ, ਸੁਖਜੀਵਨ, ਅਰੁਣ ਕਾਲੀਆ ਆਦਿ ਨੇ ਦੱਸਿਆ ਕਿ ਉਹ ਰੋਜ਼ਾਨਾ ਗਊਸ਼ਾਲਾ ਵਿੱਚ ਬੇਸਹਾਰਾ ਗਾਵਾਂ ਦੀ ਸੇਵਾ ਕਰਨ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਗਊਸ਼ਾਲਾ ਵਿੱਚ ਲਗਭਗ 100 ਗਾਵਾਂ ਅਤੇ ਵੱਛੜਿਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਬੀਮਾਰ ਅਤੇ ਮਰ ਰਹੀਆਂ ਗਾਵਾਂ ਦੀ ਸਾਂਭ-ਸੰਭਾਲ ਨੂੰ ਲੈ ਕੇ ਪੁਰਜ਼ੋਰ ਮੰਗ ਕੀਤੀ। ਗਊ ਭਗਤਾਂ ਨੇ ਦੱਸਿਆ ਕਿ ਸੋਮਵਾਰ ਨੂੰ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਤੋਂ ਇਲਾਵਾ ਗਊਸ਼ਾਲਾ ਦਾ ਦੌਰਾ ਕਰਕੇ ਗਾਵਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਪ੍ਰਸ਼ਾਸਨ ਵੱਲੋਂ ਤਿੰਨ ਮੈਂਬਰੀ ਟੀਮ ਬਣਾਉਣ ਅਤੇ ਇਸ ਸਬੰਧੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪਰ ਇਸ ਦੇ ਬਾਵਜੂਦ ਮੰਗਲਵਾਰ ਨੂੰ ਦੁਬਾਰਾ ਦੋ ਗਾਵਾਂ ਅਤੇ ਦੋ ਵੱਛੜਿਆਂ ਦੀ ਮੌਤ ਹੋ ਗਈ, ਜਿਸ ਕਾਰਨ ਗਊ ਭਗਤਾਂ ਵਿੱਚ ਗੁੱਸਾ ਹੈ। ਗਊ ਭਗਤਾਂ ਨੇ ਕਿਹਾ ਕਿ ਗਊਸ਼ਾਲਾ ਦਾ ਚੌਗਿਰਦਾ ਦਲਦਲ ਬਣਿਆ ਹੋਇਆ ਹੈ। ਕਮਜ਼ੋਰ ਥਾਵਾਂ ‘ਤੇ ਛੋਟੇ ਵੱਛੜੇ ਤੁਰਦੇ-ਤੁਰਦੇ ਪਾਣੀ ਵਿੱਚ ਡਿੱਗ ਕੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਪਿਛਲੇ ਦੋ ਦਿਨਾਂ ਵਿੱਚ ਹੀ ਚਾਰ ਗਊਵੰਸਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਅਜੇ ਵੀ ਕਈ ਬੀਮਾਰ ਗਾਵਾਂ ਅਤੇ ਵੱਛੜੇ ਇਲਾਜ ਅਧੀਨ ਹਨ। ਉਨ੍ਹਾਂ ਦੋਸ਼ ਲਾਇਆ ਕਿ ਗਊਸ਼ਾਲਾ ਵਿੱਚ ਬਿਮਾਰ ਗਾਵਾਂ ਲਈ ਬਣਾਏ ਗਏ ਟਰੀਟਮੈਂਟ ਸੈਂਟਰ ਵਿੱਚ ਦਵਾਈਆਂ ਦੀ ਵੱਡੀ ਘਾਟ ਹੈ। ਇਸ ਮੌਕੇ ਗਊ ਭਗਤਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਨੂੰ ਅਪੀਲ ਕੀਤੀ ਕਿ ਗਊਸ਼ਾਲਾ ਕਲਾਨੌਰ ਵਿੱਚ ਰੈਣ-ਬਸੇਰਾ ਕਰ ਰਹੀਆਂ ਬੇਸਹਾਰਾ ਗਾਵਾਂ ਦੀ ਸਾਂਭ-ਸੰਭਾਲ ਲਈ ਤੁਰੰਤ ਢੁੱਕਵੇਂ ਪ੍ਰਬੰਧ ਕੀਤੇ ਜਾਣ। ਇਸ ਸਬੰਧੀ ਗਊਸ਼ਾਲਾ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਜਿਹੜੀਆਂ ਗਾਵਾਂ ਅਤੇ ਛੋਟੇ ਵੱਛੜੇ ਬਿਮਾਰ ਸਨ ਅਤੇ ਇਲਾਜ ਅਧੀਨ ਸਨ, ਉਨ੍ਹਾਂ ਵਿੱਚੋਂ ਕੁਝ ਦੀ ਮੌਤ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲਗਭਗ ਅੱਧੀ ਦਰਜਨ ਹੋਰ ਗਾਵਾਂ ਅਤੇ ਵੱਛੜੇ ਬਿਮਾਰ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ।