ਜ਼ਿਲ੍ਹੇ ’ਚ ਡੇਂਗੂ ਦੇ ਵਧ ਰਹੇ ਮਾਮਲੇ, ਸਿਹਤ ਵਿਭਾਗ ਆਇਆ ਹਰਕਤ ’ਚ, 63 ਹਜ਼ਾਰ ਤੋਂ ਵੱਧ ਘਰਾਂ ਦੀ ਕੀਤੀ ਜਾਂਚ ਜ਼ਿਲ੍ਹੇ ਵਿੱਚ ਡੇਂਗੂ ਦੇ ਵਧ ਰਹੇ ਮਾਮਲੇ, ਸਿਹਤ ਵਿਭਾਗ ਆਇਆ ਹਰਕਤ ’ਚ, 63 ਹਜ਼ਾਰ ਤੋਂ ਵੱਧ ਘਰਾਂ ਦੀ ਕੀਤੀ ਜਾਂਚ
Publish Date: Sun, 02 Aug 2026 03:40 PM (IST)
Updated Date: Mon, 03 Aug 2026 04:01 AM (IST)
— ਹੁਣ ਤੱਕ 22 ਮਾਮਲੇ ਆਏ ਸਾਹਮਣੇ, 1221 ਘਰਾਂ ਵਿੱਚ ਲੱਭੀ ਮੱਛਰਾਂ ਦੀ ਬ੍ਰੀਡਿੰਗ ਜੀਆਰਪੀ- ਘਰਾਂ ਵਿੱਚ ਮੱਛਰਾਂ ਦੀ ਬ੍ਰੀਡਿੰਗ ਚੈੱਕ ਕਰਦੀ ਸਿਹਤ ਵਿਭਾਗ ਦੀ ਟੀਮ। ਪਲਵਿੰਦਰ ਸਿੰਘ, ਪੰਜਾਬੀ ਜਾਗਰਣ ਗੁਰਦਾਸਪੁਰ : ਜ਼ਿਲ੍ਹੇ ’ਚ ਡੇਂਗੂ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਸਿਹਤ ਵਿਭਾਗ ਦੀ ਚਿੰਤਾ ਵਧ ਗਈ ਹੈ। ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਜ਼ਿਲ੍ਹੇ ਵਿੱਚ ਡੇਂਗੂ ਦੇ ਕੁੱਲ 22 ਮਾਮਲੇ ਸਾਹਮਣੇ ਆ ਚੁੱਕੇ ਹਨ। ਵਧਦੇ ਸੰਕਰਮਣ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਮੱਛਰਾਂ ਦੇ ਪ੍ਰਜਣਨ ਤੇ ਰੋਕ ਲਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਆਪਕ ਮੁਹਿੰਮ ਚਲਾਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਜ਼ਿਲ੍ਹੇ ਭਰ ਵਿੱਚ ਘਰ-ਘਰ ਜਾ ਕੇ ਚੈਕਿੰਗ ਕਰ ਰਹੀਆਂ ਹਨ। ਹੁਣ ਤੱਕ ਕੁੱਲ 63,146 ਘਰਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 1,221 ਘਰਾਂ ਵਿੱਚ ਮੱਛਰਾਂ ਦੀ ਬ੍ਰੀਡਿੰਗ ਪਾਈ ਗਈ ਹੈ। ਇਨ੍ਹਾਂ ਥਾਵਾਂ ਤੇ ਤੁਰੰਤ ਲਾਰਵੇ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸਿਹਤ ਕਰਮਚਾਰੀ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਬਚਾਅ ਦੇ ਉਪਾਵਾਂ ਅਤੇ ਮੱਛਰਾਂ ਦੇ ਪ੍ਰਜਣਨ ਨੂੰ ਰੋਕਣ ਬਾਰੇ ਵਿਸਤਾਰ ਨਾਲ ਜਾਣਕਾਰੀ ਦੇ ਕੇ ਜਾਗਰੂਕ ਵੀ ਕਰ ਰਹੇ ਹਨ। ਪ੍ਰਸ਼ਾਸਨ ਨੇ ਨਿਗਰਾਨੀ ਵਧਾਉਣ, ਜਾਗਰੂਕਤਾ ਮੁਹਿੰਮ ਚਲਾਉਣ, ਫੌਗਿੰਗ ਅਤੇ ਘਰ-ਘਰ ਜਾਂਚ ਦੇ ਕੰਮ ਨੂੰ ਤੇਜ਼ ਕਰ ਦਿੱਤਾ ਹੈ। ਜ਼ਿਲ੍ਹਾ ਐਪੀਡੀਮੀਓਲੋਜਿਸਟ ਡਾ. ਮਮਤਾ ਵਾਸੁਦੇਵ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਇੱਕ ਵਾਇਰਲ ਬੀਮਾਰੀ ਹੈ ਜੋ ਸੰਕਰਮਿਤ ਐਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਡੇਂਗੂ ਦੇ ਸ਼ੁਰੂਆਤੀ ਲੱਛਣਾਂ ਵਿੱਚ ਅਚਾਨਕ ਤੇਜ਼ ਬੁਖ਼ਾਰ ਆਉਣਾ, ਤੇਜ਼ ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਤੇਜ਼ ਦਰਦ, ਮਤਲੀ, ਉਲਟੀ ਅਤੇ ਸਰੀਰ ਤੇ ਲਾਲ ਧੱਫੜ ਪੈਣਾ ਸ਼ਾਮਲ ਹਨ। ਜੇਕਰ ਕਿਸੇ ਵਿਅਕਤੀ ਵਿੱਚ ਇਹ ਲੱਛਣ ਦਿਖਾਈ ਦੇਣ ਤਾਂ ਉਸ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਬਿਨਾਂ ਡਾਕਟਰ ਦੀ ਸਲਾਅ ਤੋਂ ਕੋਈ ਵੀ ਦਵਾਈ ਨਹੀਂ ਲੈਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਇਲਾਜ ਅਤੇ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਦਾ ਸਭ ਤੋਂ ਪ੍ਰਭਾਵੀ ਤਰੀਕਾ ਮੱਛਰਾਂ ਨੂੰ ਪਨਪਣ ਤੋਂ ਰੋਕਣਾ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਅਤੇ ਆਸ-ਪਾਸ ਪਾਣੀ ਜਮ੍ਹਾਂ ਨਾ ਹੋਣ ਦੇਣ, ਕਿਉਂਕਿ ਐਡੀਜ਼ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿੱਚ ਪਨਪਦਾ ਹੈ। ਕੂਲਰ, ਗਮਲੇ, ਟਾਇਰ, ਨਾਰੀਅਲ ਦੇ ਖੋਲ੍ਹ ਆਦਿ ਵਿੱਚ ਜਮ੍ਹਾਂ ਪਾਣੀ ਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਸਾਫ਼ ਕਰੋ ਅਤੇ ਬਦਲੋ। ਪਾਣੀ ਦੀਆਂ ਟੈਂਕੀਆਂ ਅਤੇ ਬਰਤਨਾਂ ਨੂੰ ਹਮੇਸ਼ਾ ਢੱਕ ਕੇ ਰੱਖੋ। ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ ਅਤੇ ਮੱਛਰ ਭਜਾਉਣ ਵਾਲੀ ਕਰੀਮ ਦੀ ਵਰਤੋਂ ਕਰੋ। ਸੌਂਦੇ ਸਮੇਂ ਮੱਛਰਦਾਨੀ ਦੀ ਵਰਤੋਂ ਕਰੋ। ਘਰ ਦੇ ਆਸ-ਪਾਸ ਸਫ਼ਾਈ ਬਣਾਈ ਰੱਖੋ ਅਤੇ ਗੰਦਗੀ ਨਾ ਫੈਲਣ ਦੇਵੋ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਡੇਂਗੂ ਇੱਕ ਗੰਭੀਰ ਬੀਮਾਰੀ ਹੈ, ਪਰ ਸਹੀ ਜਾਣਕਾਰੀ ਅਤੇ ਸਾਵਧਾਨੀਆਂ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ। ਵਿਭਾਗ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਅਤੇ ਆਸ-ਪਾਸ ਸਫ਼ਾਈ ਤੇ ਖ਼ਾਸ ਧਿਆਨ ਦੇਣ, ਮੱਛਰਾਂ ਨੂੰ ਪਨਪਣ ਨਾ ਦੇਣ ਅਤੇ ਕਿਸੇ ਵੀ ਕਿਸਮ ਦਾ ਬੁਖ਼ਾਰ ਜਾਂ ਡੇਂਗੂ ਦੇ ਲੱਛਣ ਦਿਖਾਈ ਦੇਣ ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਸੰਪਰਕ ਕਰਨ। ਡੇਂਗੂ ਦੀ ਰੋਕਥਾਮ ਵਿੱਚ ਲੋਕਾਂ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੈ। ਵਿਭਾਗ ਦੀਆਂ ਟੀਮਾਂ ਲਗਾਤਾਰ ਨਿਗਰਾਨੀ ਅਤੇ ਜਾਗਰੂਕਤਾ ਮੁਹਿੰਮ ਚਲਾ ਰਹੀਆਂ ਹਨ ਤਾਂ ਜੋ ਸੰਕਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜ਼ਿਲ੍ਹੇ ’ਚ ਡੇਂਗੂ ਦੇ 22 ਮਾਮਲੇ ਸਾਹਮਣੇ ਆਉਣ ਅਤੇ 63,146 ਘਰਾਂ ਦੀ ਜਾਂਚ ਵਿੱਚ 1,221 ਥਾਵਾਂ ਤੇ ਮੱਛਰਾਂ ਦੀ ਬ੍ਰੀਡਿੰਗ ਮਿਲਣ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਵਿਭਾਗ ਵੱਲੋਂ ਚਲਾਈ ਜਾ ਰਹੀ ਜਾਂਚ ਮੁਹਿੰਮ ਅਤੇ ਜਾਗਰੂਕਤਾ ਪ੍ਰੋਗਰਾਮਾਂ ਦੇ ਨਾਲ-ਨਾਲ ਆਮ ਨਾਗਰਿਕਾਂ ਦੀ ਸੁਚੇਤਤਾ ਹੀ ਡੇਂਗੂ ਤੋਂ ਬਚਾਅ ਦਾ ਸਭ ਤੋਂ ਮਜ਼ਬੂਤ ਉਪਾਅ ਹੈ।