- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਸੀ ਗੁਰਦਾਸਪੁਰ ਨੇ ਸਲੱਮ ਏਰੀਆ ਦੇ ਬੱਚਿਆਂ ਨਾਲ ਕੀਤਾ ਦੁਪਹਿਰ ਦਾ ਭੋਜਨ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ : ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿੱਤਿਆ ਉੱਪਲ ਵੱਲੋਂ ਸਲੱਮ ਏਰੀਆ ਮਾਨ ਕੌਰ ਸਿੰਘ ਵਿਖੇ ਰੋਮੇਸ਼ ਮਹਾਜਨ ਨੈਸ਼ਨਲ ਐਵਾਰਡੀ ਅਤੇ ਆਨਰੇਰੀ ਸਕੱਤਰ ਜ਼ਿਲ੍ਹਾ ਬਾਲ ਭਲਾਈ ਕੌਂਸਲ, ਗੁਰਦਾਸਪੁਰ ਦੀ ਅਗਵਾਈ ਹੇਠ ਚੱਲ ਰਹੇ ਪ੍ਰਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਦੇ ਬੱਚਿਆਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦੁਪਹਿਰ ਦੇ ਭੋਜਨ ਲਈ ਵਿਸ਼ੇਸ਼ ਸੱਦਾ ਦਿੱਤਾ ਗਿਆ। ਇਸ ਸੱਦੇ ਨਾਲ ਬੱਚਿਆਂ ਵਿੱਚ ਖੁਸ਼ੀ, ਉਤਸ਼ਾਹ ਅਤੇ ਮਾਣ ਦੀ ਭਾਵਨਾ ਦੇਖਣ ਨੂੰ ਮਿਲੀ।
ਇਸ ਮੌਕੇ ਮੈਡਮ ਅਦੀਬਾ, ਆਈਏਐੱਸ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਬੱਚਿਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਆਪਣੇ ਅਨੁਭਵ, ਸੁਪਨੇ ਅਤੇ ਇੱਛਾਵਾਂ ਸਾਂਝੀਆਂ ਕੀਤੀਆਂ। ਰੋਮੇਸ਼ ਮਹਾਜਨ ਨੇ ਕੇਂਦਰ ਦੀ ਯਾਤਰਾ ਬਾਰੇ ਦੱਸਦਿਆਂ ਕਿਹਾ ਕਿ ਇਸ ਦੀ ਸ਼ੁਰੂਆਤ ਸਿਰਫ ਤਿੰਨ ਬੱਚਿਆਂ ਅਤੇ ਇੱਕ ਟੈਂਟ ਨਾਲ ਕੀਤੀ ਗਈ ਸੀ, ਪਰ ਲਗਾਤਾਰ ਮਿਹਨਤ, ਸਮਰਪਣ ਅਤੇ ਸਮਾਜ ਸੇਵਾ ਦੀ ਭਾਵਨਾ ਸਦਕਾ ਅੱਜ ਇੱਥੇ 80 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਮੈਡਮ ਅਦੀਬਾ ਨੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਬੱਚਿਆਂ ਦੀ ਭਲਾਈ ਅਤੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਕੌਂਸਲ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਦੌਰਾ ਕਰਨ ਦੀ ਇੱਛਾ ਪ੍ਰਗਟਾਈ। ਬੱਚਿਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਅਤੇ ਯੋਗਾ ਦੀਆਂ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਅਖੀਰ ਵਿੱਚ ਕੌਂਸਲ ਦੇ ਕੋਆਰਡੀਨੇਟਰ ਬਖਸ਼ੀ ਰਾਜ ਨੇ ਡਿਪਟੀ ਕਮਿਸ਼ਨਰ ਅਤੇ ਮੈਡਮ ਅਦੀਬਾ ਦਾ ਬੱਚਿਆਂ ਨੂੰ ਪਿਆਰ, ਸਨਮਾਨ ਅਤੇ ਹੌਸਲਾ ਦੇਣ ਲਈ ਦਿਲੋਂ ਧੰਨਵਾਦ ਕੀਤਾ।