ਵਿਗਿਆਨ ਮੇਲੇ ’ਚ ਡੀਏਵੀ ਸੈਨਟੇਨਰੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਵਿਗਿਆਨ ਮੇਲੇ ਵਿੱਚ ਡੀਏਵੀ ਸੈਨਟੇਨਰੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Fri, 27 Nov 2026 05:09 PM (IST)
Updated Date: Sat, 28 Nov 2026 04:07 AM (IST)
ਫੋਟੋ: 27ਬੀਟੀਐਲ17 ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨਾਲ ਸਕੂਲ ਪ੍ਰਿੰਸੀਪਲ ਤੇ ਸਟਾਫ ਮੈਂਬਰ। ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਹੰਸਰਾਜ ਮਹਿਲਾ ਮਹਾਵਿਦਿਆਲਿਆ (ਐੱਚਐੱਮਵੀ) ਜਲੰਧਰ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੇ ਮਾਰਗਦਰਸ਼ਨ ਹੇਠ ਕਰਵਾਏ ਵਿਗਿਆਨ ਮੇਲੇ ਵਿੱਚ ਡਾ. ਦੌਲਤ ਰਾਮ ਭੱਲਾ ਡੀਏਵੀ ਸੈਨਟੇਨਰੀ ਪਬਲਿਕ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਅਤੇ ਤੀਜਾ ਇਨਾਮ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ, ਵਿਗਿਆਨਕ ਰੰਗੋਲੀ, ਵਿਗਿਆਨਕ ਨੇਲ ਆਰਟ ਅਤੇ ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਦੇ ਵਿਗਿਆਨਕ ਹੱਲ ਪੇਸ਼ ਕਰਨ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਵਿਗਿਆਨ ਸੰਵਾਦ ਮੁਕਾਬਲੇ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਪਾਰਥ ਸ਼ਰਮਾ ਅਤੇ ਪ੍ਰਕ੍ਰਿਤੀ ਸ਼ਰਮਾ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ, ਭਵਿੱਖ ਦੀਆਂ ਸੰਭਾਵਨਾਵਾਂ ਅਤੇ ਇਸ ਨਾਲ ਜੁੜੀਆਂ ਚੁਣੌਤੀਆਂ ਬਾਰੇ ਪ੍ਰਭਾਵਸ਼ਾਲੀ ਸੰਵਾਦ ਪੇਸ਼ ਕਰਦਿਆਂ ਦੂਜਾ ਇਨਾਮ ਹਾਸਲ ਕੀਤਾ। ਇਸੇ ਤਰ੍ਹਾਂ ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੌਲਿਕ ਵਿਗਿਆਨਕ ਵਿਚਾਰ ਪੇਸ਼ ਕਰਨ ਦੇ ਮੁਕਾਬਲੇ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਪ੍ਰਭਜੋਤ ਸਿੰਘ ਅਤੇ ਪਲਕ ਸ਼ਰਮਾ ਨੇ ਆਪਣੇ ਨਵੇਂ ਵਿਚਾਰਾਂ ਨਾਲ ਫੈਸਲਾਕਾਰਾਂ ਨੂੰ ਪ੍ਰਭਾਵਿਤ ਕਰਦਿਆਂ ਤੀਜਾ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਅਰਵਿੰਦ ਘਈ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਅੰਜਨਾ ਭਾਟੀਆ ਅਤੇ ਡਾ. ਸੀਮਾ ਮਰਵਾਹਾ ਸਨ। ਇਸ ਮੌਕੇ ਐੱਸਸੀਈਆਰਟੀ ਪੰਜਾਬ ਦੀ ਉਪ ਨਿਰਦੇਸ਼ਕ ਡਾ. ਸ਼ਰੂਤੀ ਸ਼ੁਕਲਾ, ਜਸਟਿਸ ਐੱਨਕੇ ਸੂਦ ਸਮੇਤ ਕਈ ਸਕੂਲਾਂ ਦੇ ਪ੍ਰਿੰਸੀਪਲ ਅਤੇ ਪਤਵੰਤੇ ਵੀ ਮੌਜੂਦ ਸਨ। ਸਕੂਲ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਗਿਆਨ ਦਾ ਅਸਲ ਉਦੇਸ਼ ਮਨੁੱਖੀ ਜੀਵਨ ਦੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਮਿਹਨਤ ਤੇ ਲਗਨ ਦਾ ਨਤੀਜਾ ਹੈ।