ਨਸ਼ਿਆਂ 'ਤੇ ਰੋਕ ਲਾਉਣਾ ਤੇ ਕਾਨੂੰਨ-ਵਿਵਸਥਾ ਬਣਾਈ ਰੱਖਣਾ ਰਹੇਗੀ ਤਰਜੀਹ : ਐੱਸਐੱਸਪੀ ਗੁਪਤਾ ਨਸ਼ਿਆਂ 'ਤੇ ਰੋਕ ਲਾਉਣਾ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣਾ ਰਹੇਗੀ ਤਰਜੀਹ- ਐੱਸਐੱਸਪੀ ਗੁਪਤਾ
Publish Date: Fri, 27 Nov 2026 05:05 PM (IST)
Updated Date: Sat, 28 Nov 2026 04:06 AM (IST)
- ਨਵੇਂ ਐੱਸਐੱਸਪੀ ਤੁਸ਼ਾਰ ਗੁਪਤਾ ਨੇ ਸੰਭਾਲਿਆ ਕਾਰਜਭਾਰ, ਆਦਿਤਿਆ ਨੂੰ ਗਾਰਡ ਆਫ਼ ਆਨਰ ਨਾਲ ਵਿਦਾਈ ਜੀਆਰਪੀ—ਨਵੇਂ ਐੱਸਐੱਸਪੀ ਤੁਸ਼ਾਰ ਗੁਪਤਾ ਨੂੰ ਚਾਰਜ ਸੌਂਪਦੇ ਹੋਏ ਪੁਰਾਣੇ ਐੱਸਐੱਸਪੀ ਆਦਿਤਿਆ। ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਸੂਬਾ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਕੀਤੇ ਗਏ ਫੇਰ-ਬਦਲ ਤਹਿਤ ਐੱਸਐੱਸਪੀ ਆਦਿਤਿਆ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਦੀ ਥਾਂ ਨਵੇਂ ਐੱਸਐੱਸਪੀ ਵਜੋਂ ਸ਼ੁੱਕਰਵਾਰ ਨੂੰ ਤੁਸ਼ਾਰ ਗੁਪਤਾ ਨੇ ਆਪਣਾ ਕਾਰਜ ਭਾਰ ਸੰਭਾਲ ਲਿਆ। ਐੱਸਐੱਸਪੀ ਦਫ਼ਤਰ ’ਚ ਕਰਵਾਏ ਸਮਾਰੋਹ ਦੌਰਾਨ ਐੱਸਐੱਸਪੀ ਆਦਿਤਿਆ ਨੂੰ ਗਾਰਡ ਆਫ਼ ਆਨਰ ਦੇ ਕੇ ਸਨਮਾਨਪੂਰਵਕ ਵਿਦਾਈ ਦਿੱਤੀ ਗਈ। ਉਥੇ ਨਵੇਂ ਐੱਸਐੱਸਪੀ ਤੁਸ਼ਾਰ ਗੁਪਤਾ ਦਾ ਫੁੱਲਾਂ ਦੀ ਵਰਖਾ ਅਤੇ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਨੇ ਦੋਵਾਂ ਅਧਿਕਾਰੀਆਂ ਪ੍ਰਤੀ ਆਪਣਾ ਸਨਮਾਨ ਅਤੇ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਕਾਰਜ ਭਾਰ ਸੰਭਾਲਣ ਤੋਂ ਬਾਅਦ ਐੱਸਐੱਸਪੀ ਤੁਸ਼ਾਰ ਗੁਪਤਾ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਕਾਰੋਬਾਰ ਤੇ ਰੋਕ ਲਾਉਣਾ ਅਤੇ ਕਾਨੂੰਨ-ਵਿਵਸਥਾ ਨੂੰ ਬਿਹਤਰ ਬਣਾਈ ਰੱਖਣਾ ਉਨ੍ਹਾਂ ਦੀਆਂ ਤਰਜੀਹਾਂ ਵਿੱਚ ਸ਼ਾਮਲ ਰਹੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਮੁੱਦਿਆਂ ਨੂੰ ਉਹ ਇੱਕ ਚੁਣੌਤੀ ਵਜੋਂ ਲੈ ਕੇ ਪੂਰੀ ਗੰਭੀਰਤਾ ਅਤੇ ਮਿਹਨਤ ਨਾਲ ਕੰਮ ਕਰਨਗੇ। ਜ਼ਿਲ੍ਹੇ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਕਾਰਵਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਨਾਲ-ਨਾਲ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਇੱਕ ਸਰਹੱਦੀ ਜ਼ਿਲ੍ਹਾ ਹੈ ਜਿਸ ਕਾਰਨ ਇੱਥੇ ਪੁਲਿਸ ਸਾਹਮਣੇ ਆਮ ਕਾਨੂੰਨ-ਵਿਵਸਥਾ ਤੋਂ ਇਲਾਵਾ ਕਈ ਹੋਰ ਚੁਣੌਤੀਆਂ ਵੀ ਰਹਿੰਦੀਆਂ ਹਨ। ਸਰਹੱਦ ਨਾਲ ਲੱਗਦੇ ਖੇਤਰ ਵਿੱਚ ਸੁਰੱਖਿਆ ਵਿਵਸਥਾ ਬਣਾਈ ਰੱਖਣਾ ਪੁਲਿਸ ਲਈ ਮਹੱਤਵਪੂਰਨ ਜ਼ਿੰਮੇਵਾਰੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਪੂਰੀ ਈਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਂਦਿਆਂ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਅਤੇ ਜਨਤਾ ਵਿਚਕਾਰ ਬਿਹਤਰ ਤਾਲਮੇਲ ਨਾਲ ਹੀ ਅਪਰਾਧ ਤੇ ਪ੍ਰਭਾਵਸ਼ਾਲੀ ਨਿਯੰਤਰਣ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਜਾਂ ਸ਼ਿਕਾਇਤ ਹੈ ਤਾਂ ਉਹ ਸਿੱਧਾ ਉਨ੍ਹਾਂ ਕੋਲ ਆ ਸਕਦਾ ਹੈ। ਪੁਲਿਸ ਪ੍ਰਸ਼ਾਸਨ ਹਰ ਵਿਅਕਤੀ ਦੀ ਸਮੱਸਿਆ ਸੁਣਨ ਅਤੇ ਉਸ ਦਾ ਉਚਿਤ ਸਮਾਧਾਨ ਕਰਨ ਦਾ ਯਤਨ ਕਰੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੁਲਿਸ ਪੂਰੀ ਵਚਨਬੱਧਤਾ ਨਾਲ ਕੰਮ ਕਰੇਗੀ।