ਐਸਡੀ ਕਾਲਜ ’ਚ ਰੰਗਾਂ ਨਾਲ ਸਜੇ ਛੱਤਰੀਆਂ ਦੇ ਕੈਨਵਸ ਨੇ ਮੋਹਿਆ ਮਨ ਐਸ ਡੀ ਕਾਲਜ ਵਿੱਚ ਰੰਗਾਂ ਨਾਲ ਸਜੇ ਛਤਰੀਆਂ ਦੇ ਕੈਨਵਸ ਨਾਲ ਸਟਾਫ
Publish Date: Sat, 10 Oct 2026 04:49 PM (IST)
Updated Date: Sat, 10 Oct 2026 04:50 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫ਼ਾਰ ਵੂਮੇਨ, ਗੁਰਦਾਸਪੁਰ ਦੇ ਫਾਈਨ ਆਰਟ ਵਿਭਾਗ ਵੱਲੋਂ ‘ਮੌਨਸੂਨ ਅੰਬਰੇਲਾ ਆਰਟਿਸਟਰੀ’ ਵਿਸ਼ੇ ’ਤੇ ਰਚਨਾਤਮਕ ਵਰਕਸ਼ਾਪ ਦਾ ਆਯੋਜਨ ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਰਵਾਇਆ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥਣਾਂ ਨੂੰ ਆਪਣੀ ਕਲਾਤਮਕ ਪ੍ਰਤਿਭਾ ਨੂੰ ਨਵੇਂ ਅਤੇ ਦਿਲਚਸਪ ਢੰਗ ਨਾਲ ਪ੍ਰਗਟ ਕਰਨ ਲਈ ਮੰਚ ਪ੍ਰਦਾਨ ਕਰਨਾ ਸੀ। ਵਰਕਸ਼ਾਪ ਦੌਰਾਨ 32 ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਮ ਛਤਰੀਆਂ ਨੂੰ ਆਪਣੀ ਕਲਪਨਾ ਤੇ ਰਚਨਾਤਮਕਤਾ ਦੇ ਰੰਗਾਂ ਨਾਲ ਵਿਲੱਖਣ ਕਲਾ-ਕਿਰਤਾਂ ਵਿੱਚ ਬਦਲ ਦਿੱਤਾ। ਵਿਦਿਆਰਥਣਾਂ ਨੇ ਛੱਤਰੀਆਂ ’ਤੇ ਵੱਖ-ਵੱਖ ਫੁੱਲਾਂ ਅਤੇ ਪੱਤਿਆਂ ਵਾਲੇ ਕੁਦਰਤੀ ਨਮੂਨੇ, ਅਲੱਗ -ਅਲੱਗ ਆਕਾਰਾਂ ਅਤੇ ਰੇਖਾਵਾਂ ’ਤੇ ਆਧਾਰਿਤ ਆਧੁਨਿਕ ਡਿਜ਼ਾਈਨ, ਮਨੁੱਖੀ ਆਕ੍ਰਿਤੀਆਂ ਅਤੇ ਮੌਨਸੂਨ, ਹਰਿਆਵਲ ਤੇ ਕੁਦਰਤ ਦੀ ਸੁੰਦਰਤਾ ਤੋਂ ਪ੍ਰੇਰਿਤ ਚਿੱਤਰਕਾਰੀ ਕੀਤੀ। ਵਰਕਸ਼ਾਪ ਨੇ ਵਿਦਿਆਰਥਣਾਂ ਨੂੰ ਰਵਾਇਤੀ ਕੈਨਵਸ ਤੋਂ ਹਟ ਕੇ ਰੋਜ਼ਮਰ੍ਹਾ ਦੀ ਵਰਤੋਂ ਵਾਲੀ ਵਸਤੂ ਨੂੰ ਕਲਾ ਦੇ ਮਾਧਿਅਮ ਵਜੋਂ ਵਰਤਣ ਦਾ ਮੌਕਾ ਦਿੱਤਾ। ਇਸ ਨਾਲ ਉਨ੍ਹਾਂ ਵਿੱਚ ਕਲਪਨਾਸ਼ੀਲਤਾ, ਸੁਹਜ-ਬੋਧ, ਬਾਰੀਕੀਆਂ ਨੂੰ ਸਮਝਣ ਦੀ ਸਮਰੱਥਾ ਅਤੇ ਨਵੇਂ ਪ੍ਰਯੋਗ ਕਰਨ ਦਾ ਉਤਸ਼ਾਹ ਪੈਦਾ ਹੋਇਆ। ਰੰਗ-ਬਿਰੰਗੀਆਂ ਛਤਰੀਆਂ ਨੇ ਵਰਕਸ਼ਾਪ ਦੇ ਮਾਹੌਲ ਨੂੰ ਵੀ ਖ਼ੂਬਸੂਰਤ ਅਤੇ ਜੀਵੰਤ ਬਣਾ ਦਿੱਤਾ। ਇਸ ਮੌਕੇ ਪ੍ਰਿੰਸੀਪਲ ਨੇ ਵਿਦਿਆਰਥਣਾਂ ਦੀ ਸਿਰਜਣਾਤਮਕ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥਣਾਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਨਵੀਨ ਸੋਚ ਅਤੇ ਸੁਤੰਤਰ ਅਭਿਵਿਅਕਤੀ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਨੇ ਫਾਈਨ ਆਰਟ ਵਿਭਾਗ ਮੁਖੀ ਮਿਸਿਜ਼ ਕਿਰਨ ਸੋਹਲ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥਣਾਂ ਨੂੰ ਆਪਣੀ ਸਿਰਜਣਾਤਮਕ ਪ੍ਰਕਿਰਿਆ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।