ਸੀਟੀਯੂ ਪੰਜਾਬ ਦੀ ਕਨਵੈਨਸ਼ਨ 25 ਨੂੰ ਜਲੰਧਰ ’ਚ ਸੀਟੀਯੂ ਪੰਜਾਬ ਦੀ 25 ਅਕਤੂਬਰ ਨੂੰ ਜਲੰਧਰ ਵਿੱਚ ਕਨਵੈਨਸ਼ਨ, ਸੰਘਰਸ਼ ਦੀ ਰੂਪ ਰੇਖਾ ਦਾ ਐਲਾਨ
Publish Date: Sun, 04 Oct 2026 03:45 PM (IST)
Updated Date: Sun, 04 Oct 2026 03:47 PM (IST)
--ਗੁਰਦਾਸਪੁਰ ’ਚ ਕਾਮਰੇਡ ਧਿਆਨ ਸਿੰਘ ਠਾਕੁਰ ਦੀ ਅਗਵਾਈ ਹੇਠ ਹੋਈ ਜ਼ਿਲ੍ਹਾ ਮੀਟਿੰਗ ਸਰਬਜੀਤ ਚਾਹਲ, ਪੰਜਾਬੀ ਜਾਗਰਣ, ਗੁਰਦਾਸਪੁਰ: ਸੈਂਟਰ ਆਫ ਟਰੇਡ ਯੂਨੀਅਨਜ਼ (ਸੀਟੀਯੂ) ਪੰਜਾਬ ਨਾਲ ਸਬੰਧਤ ਪੰਜਾਬ ਦੀਆਂ ਵੱਖ-ਵੱਖ ਉਦਯੋਗਿਕ ਇਕਾਈਆਂ ਟੈਕਸਟਾਈਲ, ਹੌਜ਼ਰੀ, ਸਟੀਲ ਤੇ ਹੋਰ ਸਨਅਤੀ ਕੇਂਦਰ ਦੇ ਕਾਮਿਆਂ, ਨਿਰਮਾਣ ਮਜ਼ਦੂਰਾਂ, ਭੱਠਾ ਮਜ਼ਦੂਰਾਂ, ਘਰੈਲੂ ਮਜ਼ਦੂਰਾਂ ਅਤੇ ਆਟੋ ਰਿਕਸ਼ਾ ਚਾਲਕਾਂ ਸਮੇਤ ਹੋਰ ਕਿਰਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਮਨਰੇਗਾ ਕਾਨੂੰਨ ਮੁੜ ਬਹਾਲ ਕਰਵਾਉਣ ਲਈ 25 ਅਕਤੂਬਰ 2026 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਨਵੈਨਸ਼ਨ ਕਰਕੇ ਸੰਘਰਸ਼ ਦੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ। ਗੁਰਦਾਸਪੁਰ ਤੋਂ ਜਲੰਧਰ ਕਨਵੈਨਸ਼ਨ ’ਚ ਵੱਡੀ ਸੰਖਿਆ ’ਚ ਮਜ਼ਦੂਰਾਂ ਨੂੰ ਸ਼ਾਮਲ ਕਰਾਉਣ ਦਾ ਫ਼ੈਸਲਾ ਕੀਤਾ ਗਿਆ। ਕਨਵੈਨਸ਼ਨ ਦੀ ਤਿਆਰੀ ਸਬੰਧੀ ਜ਼ਿਲ੍ਹਾ ਮੀਟਿੰਗਾਂ ਦੇ ਹਿੱਸੇ ਵਜੋਂ ਗੁਰਦਾਸਪੁਰ ਜ਼ਿਲ੍ਹੇ ਦੀ ਮੀਟਿੰਗ ਸ਼ਹੀਦ ਬਲਜੀਤ ਸਿੰਘ ਫ਼ਜ਼ਲਾਬਾਦ ਯਾਦਗਾਰ ਭਵਨ, ਰੁਲੀਆ ਰਾਮ ਕਲੋਨੀ, ਜੇਲ੍ਹ ਰੋਡ, ਗੁਰਦਾਸਪੁਰ ਵਿਖੇ ਕਾਮਰੇਡ ਧਿਆਨ ਸਿੰਘ ਠਾਕੁਰ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਪਹੁੰਚੇ ਸੀਟੀਯੂ ਪੰਜਾਬ ਦੇ ਪ੍ਰਧਾਨ ਕਾਮਰੇਡ ਜਗਦੀਸ਼ ਚੰਦਰ ਅਤੇ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਮਜ਼ਦੂਰ ਜਮਾਤ ਨੇ ਲੰਮੇ ਸੰਘਰਸ਼ਾਂ ਤੋਂ ਬਾਅਦ ਕੁਝ ਕਿਰਤ ਕਾਨੂੰਨ ਆਪਣੇ ਹੱਕ ’ਚ ਬਣਵਾਏ ਸਨ। ਇੱਕ ਪਾਸੇ ਮੋਦੀ ਸਰਕਾਰ ਨੇ ਉਨ੍ਹਾਂ ਸਾਰੇ ਕਿਰਤ ਕਾਨੂੰਨ ਖ਼ਤਮ ਕਰਕੇ ਕਾਰਪੋਰੇਟ ਪੱਖੀ ਚਾਰ ਲੇਬਰ ਕੋਡ ’ਚ ਤਬਦੀਲ ਕਰਕੇ ਮਜ਼ਦੂਰ ਜਮਾਤ ਨੂੰ ਗੁਲਾਮ ਬਣਾਉਣ ਦਾ ਯਤਨ ਕੀਤਾ, ਉੱਥੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਮਜ਼ਦੂਰਾਂ ਨਾਲ ਧ੍ਰੋਹ ਕਰ ਰਹੀ ਹੈ। ਸਤੰਬਰ 2023 ’ਚ ਮਾਨ ਸਰਕਾਰ ਨੇ ਅੱਠ ਘੰਟੇ ਕੰਮ ਦਿਹਾੜੀ ਦੀ ਬਜਾਏ ਬਾਰਾਂ ਘੰਟੇ ਕੰਮ ਲੈਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਮਜ਼ਦੂਰ ਵਿਰੋਧੀ ਹੋਣਾ ਸਾਬਤ ਕੀਤਾ ਹੈ।