- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕ੍ਰਿਕਟ ਖਿਡਾਰੀਆਂ ਨੇ ਜੈ ਹਿੰਦ ਸੇਵਾ ਕਲੱਬ ਨਾਲ ਮਿਲ ਕੇ ਲਗਾਏ 100 ਫ਼ਲਦਾਰ ਪੌਦੇ

ਨਰੇਸ਼ ਕਾਲੀਆ, ਪੰਜਾਬੀ ਜਾਗਰਣ
ਗੁਰਦਾਸਪੁਰ : ਖੇਡਾਂ ਨੂੰ ਵਾਤਾਵਰਨ ਸੰਭਾਲ ਨਾਲ ਜੋੜ ਕੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਜੈ ਹਿੰਦ ਸੇਵਾ ਕਲੱਬ ਵੱਲੋਂ ਚਲਾਈ ਜਾ ਰਹੀ ‘ਸ਼ੇਰ-ਏ-ਪੰਜਾਬ ਪਲਾਂਟੇਸ਼ਨ ਡਰਾਈਵ’ ਤਹਿਤ ਪਿੰਡ ਮੰਝ ਦੇ ਕ੍ਰਿਕਟ ਗਰਾਊਂਡ ਵਿਖੇ ਕ੍ਰਿਕਟ ਖਿਡਾਰੀਆਂ ਦੇ ਸਹਿਯੋਗ ਨਾਲ 100 ਫ਼ਲਦਾਰ ਬੂਟੇ ਲਗਾਏ ਗਏ। ਇਸ ਮੌਕੇ ਖਿਡਾਰੀਆਂ ਨੇ ਖੁਦ ਬੂਟੇ ਲਗਾ ਕੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਮੈਨਕਾਈਂਡ ਫਾਰਮਾ ਸ਼ੇਰ-ਏ-ਪੰਜਾਬ ਟੀ-20 ਲੀਗ, ਪੰਜਾਬ ਕਿੰਗਜ਼ ਦੁਆਰਾ ਸੰਚਾਲਿਤ, ਦੌਰਾਨ ਪਈਆਂ 1,866 ਡਾਟ ਬਾਲਾਂ ਨੂੰ ਵਾਤਾਵਰਨ ਸੰਭਾਲ ਨਾਲ ਜੋੜਦਿਆਂ ਜੈ ਹਿੰਦ ਸੇਵਾ ਕਲੱਬ ਨੇ ਇੱਕ ਮਹੀਨੇ ਦੇ ਅੰਦਰ 1,866 ਬੂਟੇ ਲਗਾਉਣ ਦਾ ਸੰਕਲਪ ਲਿਆ ਹੈ। ਹੁਣ ਤੱਕ ਲਗਾਏ ਗਏ 800 ਪੌਦੇ ਲਗਾਏ ਜਾ ਚੁੱਕੇ ਹਨ। ਕਲੱਬ ਦੀ ਇਹ ਪਹਿਲ ਕ੍ਰਿਕਟ ਅਤੇ ਵਾਤਾਵਰਨ ਦੇ ਸੁਮੇਲ ਰਾਹੀਂ ਲੋਕਾਂ, ਖ਼ਾਸ ਕਰ ਕੇ ਨੌਜਵਾਨਾਂ ਨੂੰ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕਰ ਰਹੀ ਹੈ। ਇਸ ਮੌਕੇ ਕ੍ਰਿਕਟ ਖਿਡਾਰੀਆਂ ਰਮਨ ਦੱਤਾ, ਐਡਵੋਕੇਟ ਸੰਜੀਵ ਮਨਹਾਸ, ਵਿਕਰਮ ਸਿੰਘ, ਪਵਨ ਕੁਮਾਰ, ਪ੍ਰਿੰਸ, ਮਨੀ ਸੇਖੋਂ, ਪ੍ਰਤਾਪ ਸਿੰਘ ਅਤੇ ਹਰਮਨ ਕਾਹਲੋਂ ਸਮੇਤ ਮੈਚ ਵਿੱਚ ਹਿੱਸਾ ਲੈ ਰਹੇ ਹੋਰ ਖਿਡਾਰੀਆਂ ਨੇ ਵੀ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਸੀਨੀਅਰ ਕ੍ਰਿਕਟ ਖਿਡਾਰੀ ਐਡਵੋਕੇਟ ਸੰਜੀਵ ਮਨਹਾਸ ਨੇ ਕਿਹਾ ਕਿ ਕਲੱਬ ਵੱਲੋਂ ਖਿਡਾਰੀਆਂ ਦੇ ਸਹਿਯੋਗ ਨਾਲ ਲਗਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਪੂਰੀ ਤਨਦੇਹੀ ਨਾਲ ਨਿਭਾਈ ਜਾਵੇਗੀ, ਤਾਂ ਜੋ ਇਹ ਪੌਦੇ ਵੱਡੇ ਹੋ ਕੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਵਿੱਚ ਯੋਗਦਾਨ ਪਾ ਸਕਣ। ਕਲੱਬ ਦੇ ਪ੍ਰਧਾਨ ਨਰੇਸ਼ ਕਾਲੀਆ ਨੇ ਮੰਝ ਕ੍ਰਿਕਟ ਗਰਾਊਂਡ ਦੇ ਸਮੂਹ ਖਿਡਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਸਿਰਫ਼ ਕਿਸੇ ਇੱਕ ਸੰਸਥਾ ਦੀ ਨਹੀਂ, ਸਗੋਂ ਸਮਾਜ ਦੇ ਹਰੇਕ ਵਿਅਕਤੀ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਕਲੱਬ ਵੱਲੋਂ ਸੰਦੀਪ ਕੁਮਾਰ, ਨਿਸ਼ਾਲ ਸ਼ਰਮਾ, ਸੰਦੀਪ ਸ਼ਰਮਾ, ਪਾਰਥ ਅਤੇ ਗੌਰਵ ਬੈਂਸ ਵੀ ਮੌਜੂਦ ਸਨ।
- ਪੀਸੀਏ ਜਨਰਲ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਮੁਹਿੰਮ ਦੀ ਕੀਤੀ ਸ਼ਲਾਘਾ
ਇਸ ਮੁਹਿੰਮ ਨੂੰ ਉਸ ਸਮੇਂ ਹੋਰ ਹੌਸਲਾ ਮਿਲਿਆ ਜਦੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਜੈ ਹਿੰਦ ਸੇਵਾ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਪੀਸੀਏ ਵੱਲੋਂ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ। ਪੀਸੀਏ ਦੇ ਸੈਕਟਰੀ ਦਫ਼ਤਰ ਰਾਹੀਂ ਵਟਸਐਪ 'ਤੇ ਭੇਜੇ ਗਏ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਜੈ ਹਿੰਦ ਸੇਵਾ ਕਲੱਬ ਵੱਲੋਂ ਚਲਾਈ ਜਾ ਰਹੀ ‘ਸ਼ੇਰ-ਏ-ਪੰਜਾਬ ਪੌਦੇ ਲਗਾਉਣ ਦੀ ਮੁਹਿੰਮ’ ਵਾਤਾਵਰਨ ਦੀ ਸੰਭਾਲ ਲਈ ਬੇਹੱਦ ਸ਼ਲਾਘਾਯੋਗ ਅਤੇ ਪ੍ਰੇਰਨਾਦਾਇਕ ਉਪਰਾਲਾ ਹੈ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਸ਼ੇਰ-ਏ-ਪੰਜਾਬ ਟੀ-20 ਲੀਗ ਦੌਰਾਨ ਪਈਆਂ 1,866 ਡਾਟ ਬਾਲਾਂ ਨੂੰ 1,866 ਪੌਦੇ ਲਗਾਉਣ ਦੇ ਸੰਕਲਪ ਨਾਲ ਜੋੜਨਾ ਇੱਕ ਵਿਲੱਖਣ ਅਤੇ ਰਚਨਾਤਮਕ ਸੋਚ ਹੈ। ਕ੍ਰਿਕਟ ਵਰਗੀ ਲੋਕਪ੍ਰਿਯ ਖੇਡ ਨੂੰ ਵਾਤਾਵਰਨ ਸੰਭਾਲ ਦੇ ਨੇਕ ਉਦੇਸ਼ ਨਾਲ ਜੋੜਨਾ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਦਰਸਾਉਂਦਾ ਹੈ। ਪੀਸੀਏ ਜਨਰਲ ਸਕੱਤਰ ਨੇ ਜੈ ਹਿੰਦ ਸੇਵਾ ਕਲੱਬ ਅਤੇ ਮੁਹਿੰਮ ਨਾਲ ਜੁੜੇ ਸਮੂਹ ਸਮਾਜ ਸੇਵੀਆਂ ਤੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਾਮਨਾ ਕੀਤੀ ਕਿ ਇਹ ਉਪਰਾਲਾ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰੇ ਅਤੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਹਿਮ ਯੋਗਦਾਨ ਪਾਵੇ।