ਸਾਬਕਾ ਏਡੀਸੀ ਨੇ ਸਮਾਜਿਕ ਸੁਰੱਖਿਆ ਲਈ ਚਲਾਏ ਜਾ ਰਹੇ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਤਜਿੰਦਰ ਪਾਲ ਸਿੰਘ ਤਜਿੰਦਰ ਪਾਲ ਸਿੰਘ
Publish Date: Sat, 21 Nov 2026 05:13 PM (IST)
Updated Date: Sat, 21 Nov 2026 05:16 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਸਾਬਕਾ ਵਧੀਕ ਡਿਪਟੀ ਕਮਿਸ਼ਨਰ, ਗੁਰਦਾਸਪੁਰ ਤਜਿੰਦਰ ਪਾਲ ਸਿੰਘ, ਪੀ.ਸੀ.ਐੱਸ.,ਅਤੇ ਉੱਘੇ ਸਮਾਜ ਸੇਵੀ, ਅੰਮ੍ਰਿਤਸਰ ਤੋਂ ਬਾਲ ਭਵਨ, ਗੁਰਦਾਸਪੁਰ ਵਿਖੇ ਪਹੁੰਚੇ। ਇਸ ਮੌਕੇ ਜ਼ਿਲ੍ਹਾ ਬਾਲ ਭਲਾਈ ਕੌਂਸਲ, ਗੁਰਦਾਸਪੁਰ ਦੇ ਆਨਰੇਰੀ ਸਕੱਤਰ ਅਤੇ ਨੈਸ਼ਨਲ ਅਵਾਰਡੀ ਰੋਮੇਸ਼ ਮਹਾਜਨ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਆਪਣੀ ਇਸ ਫੇਰੀ ਦੌਰਾਨ ਤਜਿੰਦਰ ਪਾਲ ਸਿੰਘ ਨੇ ਬਾਲ ਭਵਨ ਵਿਖੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਬੱਚਿਆਂ ਦੀ ਭਲਾਈ, ਸਿੱਖਿਆ, ਹੁਨਰ ਵਿਕਾਸ ਅਤੇ ਸਮਾਜਿਕ ਸੁਰੱਖਿਆ ਲਈ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਅਤੇ ਗਤੀਵਿਧੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕੌਂਸਲ ਵੱਲੋਂ ਕੀਤੇ ਜਾ ਰਹੇ ਸਮਰਪਿਤ ਯਤਨਾਂ ਅਤੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ‘ਉਮੀਦ ਦੀ ਕਿਰਨ’ ਬਾਲ ਪੰਘੂੜਾ ਪ੍ਰੋਜੈਕਟ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਬਹੁਤ ਹੀ ਸੰਵੇਦਨਸ਼ੀਲ, ਮਾਨਵਤਾ ਭਰਿਆ ਅਤੇ ਜੀਵਨ ਬਚਾਉਣ ਵਾਲਾ ਉਪਰਾਲਾ ਦੱਸਿਆ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਰਾਹੀਂ ਅਣਚਾਹੇ ਅਤੇ ਸੰਕਟਗ੍ਰਸਤ ਨਵਜੰਮੇ ਬੱਚਿਆਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਅਜਿਹੇ ਉਪਰਾਲੇ ਸਮਾਜ ਵਿੱਚ ਮਨੁੱਖਤਾ, ਹਮਦਰਦੀ ਅਤੇ ਬੱਚਿਆਂ ਪ੍ਰਤੀ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਤਜਿੰਦਰ ਪਾਲ ਸਿੰਘ ਨੇ ਬਾਲ ਪੰਘੂੜਾ ਸਹੂਲਤ ਦੇ ਵੱਧ ਤੋਂ ਵੱਧ ਪ੍ਰਚਾਰ ਅਤੇ ਪ੍ਰਸਾਰ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਆਮ ਲੋਕਾਂ ਨੂੰ ਇਸ ਬਾਰੇ ਵਿਆਪਕ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਮੁਸ਼ਕਲ ਹਾਲਾਤਾਂ ਵਿੱਚ ਘਿਰੇ ਮਾਪੇ ਇਸ ਸਹੂਲਤ ਤੋਂ ਜਾਣੂ ਹੋ ਸਕਣ ਅਤੇ ਕਿਸੇ ਵੀ ਮਾਸੂਮ ਬੱਚੇ ਦੀ ਜਾਨ ਖ਼ਤਰੇ ਵਿੱਚ ਨਾ ਪਵੇ। ਇਸ ਮੌਕੇ ਤਜਿੰਦਰ ਪਾਲ ਸਿੰਘ ਨੂੰ ਜ਼ਿਲ੍ਹਾ ਬਾਲ ਭਲਾਈ ਕੌਂਸਲ, ਗੁਰਦਾਸਪੁਰ ਵੱਲੋਂ ਪ੍ਰਕਾਸ਼ਿਤ ਸੋਵੀਨਾਰ ਦੀ ਕਾਪੀ ਵੀ ਭੇਟ ਕੀਤੀ ਗਈ। ਇਸ ਸੋਵੀਨਾਰ ਵਿੱਚ ਕੌਂਸਲ ਵੱਲੋਂ ਬੱਚਿਆਂ ਦੀ ਭਲਾਈ ਲਈ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ, ਗਤੀਵਿਧੀਆਂ ਅਤੇ ਪ੍ਰਾਪਤੀਆਂ ਨੂੰ ਦਰਸਾਇਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਬਾਲ ਭਲਾਈ ਕੌਂਸਲ, ਗੁਰਦਾਸਪੁਰ ਦੇ ਕੋਆਰਡੀਨੇਟਰ ਰਾਜ ਬਖਸ਼ੀ, ਉਡਾਨ ਐਨ.ਜੀ.ਓ. ਦੇ ਪ੍ਰਧਾਨ ਕਿਰਨ ਤ੍ਰੇਹਨ ਅਤੇ ਕ੍ਰੈੱਚ ਸੈਂਟਰ ਦੀ ਅਧਿਆਪਕਾ ਸ੍ਰੀਮਤੀ ਪੂਰਨਿਮਾ ਬਦਾਨਚੀ ਵੀ ਹਾਜ਼ਰ ਸਨ।