ਨੈਸ਼ਨਲ ਹਾਈਵੇ ਦੇ ਫਲਾਈਓਵਰ ਦੇ ਐਕਸਪੈਂਸ਼ਨ ਜੁਆਇੰਟ ’ਚ ਦਰਾਰ, 25 ਦਿਨ ਤੱਕ ਰਹੇਗਾ ਬੰਦ ਨੈਸ਼ਨਲ ਹਾਈਵੇ ਦੇ ਫਲਾਈਓਵਰ ਦੇ ਐਕਸਪੈਂਸ਼ਨ ਜੁਆਇੰਟ ਵਿੱਚ ਦਰਾਰ, 25 ਦਿਨ ਤੱਕ ਰਹੇਗਾ ਬੰਦ, ਸਰਵਿਸ ਲੇਨ 'ਤੇ ਵਧਿਆ ਟ੍ਰੈਫਿਕ ਦਾ ਦਬਾਅ
Publish Date: Thu, 26 Nov 2026 05:54 PM (IST)
Updated Date: Fri, 27 Nov 2026 04:07 AM (IST)
-ਅੰਮ੍ਰਿਤਸਰ-ਪਠਾਨਕੋਟ ਹਾਈਵੇ ਤੇ ਬੱਸ ਅੱਡੇ ਨੇੜੇ ਮੁਰੰਮਤ ਸ਼ੁਰੂ, ਸਰਵਿਸ ਲੇਨ ਤੇ ਟ੍ਰੈਫਿਕ ਵਧਣ ਕਾਰਨ ਪੁਲ਼ ਹੇਠੋਂ ਨਿਕਲ ਰਹੇ ਵਾਹਨ ਚਾਲਕ ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਬੱਸ ਅੱਡੇ ਨੇੜੇ ਸਥਿਤ ਫਲਾਈਓਵਰ ਦੇ ਐਕਸਪੈਂਸ਼ਨ ਜੁਆਇੰਟ ’ਚ ਦਰਾਰ ਆਉਣ ਕਾਰਨ ਇਸ ਨੂੰ ਆਵਾਜਾਈ ਲਈ ਬੰਦ ਕੀਤਾ ਗਿਆ ਹੈ। ਫਲਾਈਓਵਰ ਬੰਦ ਹੋਣ ਨਾਲ ਹਾਈਵੇ ਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਫਲਾਈਓਵਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਮੁਰੰਮਤ ਦਾ ਕੰਮ ਪੂਰਾ ਹੋਣ ਵਿੱਚ ਕਰੀਬ 25 ਦਿਨ ਦਾ ਸਮਾਂ ਲੱਗ ਸਕਦਾ ਹੈ। ਇਸ ਤੋਂ ਬਾਅਦ ਹੀ ਫਲਾਈਓਵਰ ਨੂੰ ਦੁਬਾਰਾ ਆਵਾਜਾਈ ਲਈ ਖੋਲ੍ਹਿਆ ਜਾਵੇਗਾ। ਜਾਣਕਾਰੀ ਅਨੁਸਾਰ ਗੁਰਦਾਸਪੁਰ ਬੱਸ ਸਟੈਂਡ ਦੇ ਨਜ਼ਦੀਕ ਸਥਿਤ ਇਹ ਫਲਾਈਓਵਰ ਕਰੀਬ 14 ਸਾਲ ਪਹਿਲਾਂ ਬਣਾਇਆ ਗਿਆ ਸੀ। ਇੰਨੇ ਲੰਮੇ ਸਮੇਂ ਤੋਂ ਲਗਾਤਾਰ ਵਾਹਨਾਂ ਦੀ ਆਵਾਜਾਈ ਕਾਰਨ ਫਲਾਈਓਵਰ ਦੇ ਐਕਸਪੈਂਸ਼ਨ ਜੁਆਇੰਟ ਵਿੱਚ ਸਮੱਸਿਆ ਸਾਹਮਣੇ ਆਈ ਹੈ। ਐਕਸਪੈਂਸ਼ਨ ਜੁਆਇੰਟ ਪੁਲ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦਾ ਹੈ ਜੋ ਤਾਪਮਾਨ ਵਿੱਚ ਬਦਲਾਅ ਅਤੇ ਵਾਹਨਾਂ ਦੇ ਲਗਾਤਾਰ ਲੰਘਣ ਕਾਰਨ ਪੁਲ ਵਿੱਚ ਹੋਣ ਵਾਲੇ ਫੈਲਾਅ ਅਤੇ ਸੁੰਗੜਨ ਨੂੰ ਸਹਿਣ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿੱਚ ਖਰਾਬੀ ਆਉਣ ਕਾਰਨ ਫਲਾਈਓਵਰ ਦੀ ਸੁਰੱਖਿਆ ਅਤੇ ਮਜ਼ਬੂਤੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸਮੱਸਿਆ ਦਾ ਨੋਟਿਸ ਲੈਂਦਿਆਂ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਫਲਾਈਓਵਰ ਦੀ ਮੁਰੰਮਤ ਦੌਰਾਨ ਇਸ ਦੇ ਪ੍ਰਭਾਵਿਤ ਹਿੱਸੇ ਨੂੰ ਠੀਕ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਵਾਹਨਾਂ ਦੀ ਆਵਾਜਾਈ ਦੌਰਾਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਝੱਲਣੀ ਪਵੇ। ਮੁਰੰਮਤ ਦਾ ਕੰਮ ਪੂਰਾ ਹੋਣ ਵਿੱਚ ਲਗਭਗ 25 ਦਿਨ ਲੱਗਣ ਦੀ ਸੰਭਾਵਨਾ ਹੈ। ਇਸ ਲਈ ਵਾਹਨ ਚਾਲਕਾਂ ਨੂੰ ਅਗਲੇ ਕਰੀਬ ਸਾਢੇ ਤਿੰਨ ਹਫ਼ਤੇ ਤੱਕ ਵਿਕਲਪਿਕ ਰਸਤੇ ਦਾ ਇਸਤੇਮਾਲ ਕਰਨਾ ਪਵੇਗਾ। ਫਲਾਈਓਵਰ ਬੰਦ ਹੋਣ ਦਾ ਸਭ ਤੋਂ ਵੱਧ ਅਸਰ ਇਸ ਦੇ ਹੇਠੋਂ ਲੰਘਣ ਵਾਲੀ ਸਰਵਿਸ ਲੇਨ ਤੇ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਜਿੱਥੇ ਹਾਈਵੇ ਤੇ ਲੰਘਣ ਵਾਲੇ ਜ਼ਿਆਦਾਤਰ ਵਾਹਨ ਫਲਾਈਓਵਰ ਦਾ ਇਸਤੇਮਾਲ ਕਰਦੇ ਸਨ ਉੱਥੇ ਹੁਣ ਉਨ੍ਹਾਂ ਨੂੰ ਪੁਲ ਹੇਠ ਬਣੀ ਸਰਵਿਸ ਲੇਨ ਵਿੱਚੋਂ ਲੰਘਣਾ ਪੈ ਰਿਹਾ ਹੈ। ਇਸ ਨਾਲ ਸਰਵਿਸ ਲੇਨ ਤੇ ਵਾਹਨਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋ ਗਿਆ ਹੈ। ਖ਼ਾਸਕਰ ਵਿਅਸਤ ਸਮੇਂ ਦੌਰਾਨ ਇੱਥੇ ਆਵਾਜਾਈ ਦਾ ਦਬਾਅ ਵਧਣ ਨਾਲ ਵਾਹਨ ਚਾਲਕਾਂ ਨੂੰ ਹੌਲੀ ਗਤੀ ਨਾਲ ਲੰਘਣਾ ਪੈ ਰਿਹਾ ਹੈ। ਬੱਸ ਸਟੈਂਡ ਦੇ ਆਸਪਾਸ ਪਹਿਲਾਂ ਹੀ ਬੱਸਾਂ, ਨਿੱਜੀ ਵਾਹਨਾਂ ਅਤੇ ਹੋਰ ਆਵਾਜਾਈ ਦੀ ਆਮਦ-ਰਫ਼ਤਾਰ ਬਣੀ ਰਹਿੰਦੀ ਹੈ। ਫਲਾਈਓਵਰ ਬੰਦ ਹੋਣ ਤੋਂ ਬਾਅਦ ਹਾਈਵੇ ਦਾ ਵਾਧੂ ਟ੍ਰੈਫਿਕ ਵੀ ਇਸੇ ਹਿੱਸੇ ਵਿੱਚੋਂ ਲੰਘ ਰਿਹਾ ਹੈ। ਇਸ ਲਈ ਸਰਵਿਸ ਲੇਨ ਤੇ ਵਾਹਨਾਂ ਦੀ ਆਵਾਜਾਈ ਪਹਿਲਾਂ ਦੇ ਮੁਕਾਬਲੇ ਵੱਧ ਗਈ ਹੈ। ਇਸ ਨਾਲ ਆਵਾਜਾਈ ਵਿਵਸਥਾ ਪ੍ਰਭਾਵਿਤ ਹੋਣ ਦੇ ਨਾਲ-ਨਾਲ ਦੁਰਘਟਨਾਵਾਂ ਦੀ ਆਸ਼ੰਕਾ ਵੀ ਵਧ ਗਈ ਹੈ। -ਬਾਕਸ- -ਟ੍ਰੈਫਿਕ ਪੁਲਿਸ ਅਨੁਸਾਰ ਵਾਪਰ ਚੁੱਕੇ ਨੇ ਦੋ-ਤਿੰਨ ਹਾਦਸੇ ਟ੍ਰੈਫਿਕ ਪੁਲਿਸ ਦੇ ਏਐੱਸਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਫਲਾਈਓਵਰ ਬੰਦ ਹੋਣ ਤੋਂ ਬਾਅਦ ਸਰਵਿਸ ਲੇਨ ਤੇ ਵਾਹਨਾਂ ਦਾ ਦਬਾਅ ਵਧਣ ਕਾਰਨ ਹੁਣ ਤੱਕ ਦੋ ਤੋਂ ਤਿੰਨ ਹਾਦਸੇ ਹੋ ਚੁੱਕੇ ਹਨ। ਟ੍ਰੈਫਿਕ ਦੇ ਵਧਦੇ ਦਬਾਅ ਅਤੇ ਸੀਮਤ ਜਗ੍ਹਾ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਸਾਵਧਾਨੀ ਵਰਤਣ ਦੀ ਲੋੜ ਹੈ। ਖ਼ਾਸਕਰ ਦੋਪਹੀਆ ਵਾਹਨ ਚਾਲਕਾਂ ਅਤੇ ਪੈਦਲ ਚੱਲਣ ਵਾਲੇ ਲੋਕਾਂ ਲਈ ਇਸ ਮਾਰਗ ਤੋਂ ਲੰਘਣਾ ਚੁਣੌਤੀਪੂਰਨ ਹੋ ਸਕਦਾ ਹੈ। ਪੁਲਿਸ ਅਨੁਸਾਰ ਸਰਵਿਸ ਲੇਨ ਤੇ ਵਧਦੀ ਆਵਾਜਾਈ ਨੂੰ ਦੇਖਦਿਆਂ ਵਾਹਨ ਚਾਲਕਾਂ ਨੂੰ ਗਤੀ ਨਿਯੰਤਰਿਤ ਰੱਖਣੀ ਚਾਹੀਦੀ ਹੈ ਤੇ ਅੱਗੇ ਚੱਲ ਰਹੇ ਵਾਹਨਾਂ ਤੋਂ ਉਚਿਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਜਲਦਬਾਜ਼ੀ ’ਚ ਓਵਰਟੇਕ ਕਰਨ ਜਾਂ ਗਲਤ ਦਿਸ਼ਾ ਤੋਂ ਨਿਕਲਣ ਦੀ ਕੋਸ਼ਿਸ਼ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ। ਫਲਾਈਓਵਰ ਦੀ ਮੁਰੰਮਤ ਪੂਰੀ ਹੋਣ ਤੱਕ ਇਸ ਮਾਰਗ ਤੋਂ ਲੰਘਣ ਵਾਲੇ ਲੋਕਾਂ ਨੂੰ ਵਿਕਲਪਿਕ ਵਿਵਸਥਾ ਅਨੁਸਾਰ ਹੀ ਸਫ਼ਰ ਕਰਨਾ ਪਵੇਗਾ। ਅੰਮ੍ਰਿਤਸਰ, ਪਠਾਨਕੋਟ ਅਤੇ ਗੁਰਦਾਸਪੁਰ ਦੇ ਵਿਚਾਲੇ ਆਵਾਗਮਨ ਕਰਨ ਵਾਲੇ ਵਾਹਨ ਚਾਲਕਾਂ ਨੂੰ ਖ਼ਾਸ ਤੌਰ ਤੇ ਬੱਸ ਅੱਡੇ ਦੇ ਆਸਪਾਸ ਵਾਧੂ ਸਮਾਂ ਲੈ ਕੇ ਲੰਘਣ ਦੀ ਲੋੜ ਹੋਵੇਗੀ। ਫਲਾਈਓਵਰ ਬੰਦ ਰਹਿਣ ਨਾਲ ਸਥਾਨਕ ਲੋਕਾਂ ਦੇ ਨਾਲ-ਨਾਲ ਦੂਜੇ ਸ਼ਹਿਰਾਂ ਵੱਲ ਜਾਣ ਵਾਲੇ ਯਾਤਰੀਆਂ ਨੂੰ ਵੀ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ। -10 ਸਾਲ ਬਾਅਦ ਪੈਂਦੀ ਹੈ ਮੁਰੰਮਤ ਦੀ ਲੋੜ : ਮੁਕੇਸ਼ ਕੁਮਾਰ ਨੈਸ਼ਨਲ ਹਾਈਵੇ ਅਥਾਰਟੀ ਦੇ ਇੰਜੀਨੀਅਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਐਕਸਪੈਂਸ਼ਨ ਜੁਆਇੰਟ ਦੀ ਦਸ ਸਾਲ ਬਾਅਦ ਮੁਰੰਮਤ ਕਰਨੀ ਪੈਂਦੀ ਹੈ। ਇਹ ਸਮੱਸਿਆ ਆਮ ਆ ਜਾਂਦੀ ਹੈ। ਇਸ ਪੁਲ ਨੂੰ ਬਣੇ 14 ਸਾਲ ਹੋ ਚੁੱਕੇ ਹਨ। ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹਾਦਸਿਆਂ ਦੇ ਮੱਦੇਨਜ਼ਰ ਹਾਈਵੇ ਤੇ ਕੱਟ ਬਣਾ ਕੇ ਦੋਵਾਂ ਤਰਫ਼ ਦਾ ਟ੍ਰੈਫਿਕ ਇਕ ਹੀ ਪੁਲ ਤੇ ਡਾਇਵਰਟ ਕੀਤਾ ਜਾ ਰਿਹਾ ਹੈ, ਤਾਂ ਜੋ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ।