
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਹਿਰੀ ਵਿਸ਼ਰਾਮ ਘਰ ਨੂੰ ਲੈ ਕੇ ਵਿਵਾਦ, ਰਿਟਾਇਰਡ ਮੁਲਾਜ਼ਮ ਦਾ ਸਮਾਨ ਕੱਢਿਆ ਬਾਹਰ

ਉਮੇਸ਼ ਅੱਤਰੀ, ਪੰਜਾਬੀ ਜਾਗਰਣ
ਪੁਰਾਣਾ ਸ਼ਾਲਾ: ਸੱਠਿਆਲੀ ਪੁਲ ਸਥਿਤ ਨਹਿਰੀ ਵਿਸ਼ਰਾਮ ਘਰ (ਕੈਨਾਲ ਰੈਸਟ ਹਾਊਸ) ਵਿੱਚ ਕਬਜ਼ੇ ਨੂੰ ਲੈ ਕੇ ਵੱਡਾ ਵਿਵਾਦ ਸਾਹਮਣੇ ਆਇਆ ਹੈ। ਸਿੰਚਾਈ ਵਿਭਾਗ ਦੇ ਸੇਵਾਮੁਕਤ ਮੁਲਾਜ਼ਮ ਬੀਰਬਲ ਅਤੇ ਉਨ੍ਹਾਂ ਦੇ ਪਰਿਵਾਰ ਨੇ ਨਹਿਰੀ ਵਿਭਾਗ ਅਤੇ ਸਿਵਲ ਪ੍ਰਸ਼ਾਸਨ 'ਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਅਤੇ ਉਨ੍ਹਾਂ ਦਾ ਸਮਾਨ ਵਿਭਾਗੀ ਮਕਾਨ ਤੋਂ ਬਾਹਰ ਕੱਢਣ ਦੇ ਦੋਸ਼ ਲਗਾਏ ਹਨ। ਉੱਥੇ ਹੀ ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਰਬਲ ਅੱਠ ਸਾਲ ਪਹਿਲਾਂ ਰਿਟਾਇਰ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਇਸ ਮਕਾਨ 'ਤੇ ਕੋਈ ਕਾਨੂੰਨੀ ਹੱਕ ਨਹੀਂ ਹੈ ਸਗੋਂ ਉਹ ਗ਼ੈਰ-ਕਾਨੂੰਨੀ ਕਬਜ਼ਾ ਕਰਕੇ ਬੈਠੇ ਸਨ।
ਬੀਰਬਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਲੰਮੇ ਸਮੇਂ ਤੋਂ ਇਸ ਮਕਾਨ ਵਿੱਚ ਰਹਿ ਰਹੇ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਕੁਝ ਸਮਾਂ ਪਹਿਲਾਂ ਹੀ ਇਸ ਵਿਭਾਗ ਤੋਂ ਸੇਵਾਮੁਕਤ ਹੋਏ ਹਨ ਅਤੇ ਉਨ੍ਹਾਂ ਕੋਲ ਆਪਣਾ ਕੋਈ ਮਕਾਨ ਨਾ ਹੋਣ ਕਾਰਨ ਉਹ ਹੁਣ ਵੀ ਇਸੇ ਮਕਾਨ 'ਚ ਰਹਿ ਰਹੇ ਸਨ। ਬੀਰਬਲ ਦੀ ਪਤਨੀ ਰੀਮਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦਿਲ ਦੀ ਬੀਮਾਰੀ ਤੋਂ ਪੀੜਤ ਹਨ ਅਤੇ ਚੰਡੀਗੜ੍ਹ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਬੁੱਧਵਾਰ ਨੂੰ ਜਦੋਂ ਅਧਿਕਾਰੀ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਇਸ ਘਰੋਂ ਬੇਦਖ਼ਲ ਨਾ ਕੀਤਾ ਜਾਵੇ, ਪਰ ਅਫ਼ਸਰਾਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਅਤੇ ਉਨ੍ਹਾਂ ਦਾ ਸਾਰਾ ਸਮਾਨ ਬਾਹਰ ਕੱਢ ਦਿੱਤਾ।
ਉੱਥੇ ਹੀ ਰਾਜਸਵ ਵਿਭਾਗ ਦੇ ਅਧਿਕਾਰੀ ਸਤਿੰਦਰਜੀਤ ਸਿੰਘ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀ ਇੰਜੀਨੀਅਰ ਕੁਲਦੀਪ ਸਿੰਘ ਨੇ ਬੀਰਬਲ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਬੀਰਬਲ ਕੋਲ ਇਸ ਮਕਾਨ 'ਚ ਰਹਿਣ ਦਾ ਕੋਈ ਵੀ ਕਾਨੂੰਨੀ ਅਧਿਕਾਰ ਨਹੀਂ ਹੈ। ਉਹ ਅੱਠ ਸਾਲ ਪਹਿਲਾਂ ਸੇਵਾਮੁਕਤ ਹੋ ਚੁੱਕਾ ਹੈ, ਫਿਰ ਵੀ ਉਸ ਨੇ ਇਸ ਮਕਾਨ 'ਤੇ ਗ਼ੈਰ-ਕਾਨੂੰਨੀ ਕਬਜ਼ਾ ਕਰ ਰੱਖਿਆ ਸੀ। ਉਹ ਕੋਈ ਅਦਾਲਤੀ ਹੁਕਮ ਪੇਸ਼ ਨਹੀਂ ਕਰ ਸਕਿਆ। ਕਾਨੂੰਨ ਅਨੁਸਾਰ ਹੀ ਇਹ ਕਾਰਵਾਈ ਕੀਤੀ ਗਈ ਹੈ।