ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਬਟਾਲਾ ਵਿਚ ਕਾਂਗਰਸ ਪਾਰਟੀ ਨੂੰ ਮਿਲਿਆ ਵੱਡਾ ਬੱਲ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਬਟਾਲਾ ਵਿਚ ਕਾਂਗਰਸ ਪਾਰਟੀ ਨੂੰ ਮਿਲਿਆ ਵੱਡਾ ਬੱਲ
Publish Date: Tue, 13 Oct 2026 06:43 PM (IST)
Updated Date: Tue, 13 Oct 2026 06:45 PM (IST)
ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਸ਼ਹਿਰ ਦੇ ਵਾਰਡ ਨੰਬਰ 1 ਅਧੀਨ ਆਉਂਦੇ ਮਾਨ ਨਗਰ ਇਲਾਕੇ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਸਿਆਸੀ ਹੁੰਗਾਰਾ ਮਿਲਿਆ, ਜਦੋਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ 25 ਪਰਿਵਾਰਾਂ ਨੇ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਅਲਵਿਦਾ ਕਹਿੰਦਿਆਂ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਨ੍ਹਾਂ ਪਰਿਵਾਰਾਂ ਵਿੱਚ ਭਾਜਪਾ ਦੇ ਵਾਈਸ ਪ੍ਰਧਾਨ ਸ਼ਰਨਜੀਤ ਸਿੰਘ ਵਾਰਡ ਨੰਬਰ 44 ਆਲੋਵਾਲ ਵੀ ਆਪਣੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋਏ। ਇਸ ਸ਼ਮੂਲੀਅਤ ਨਾਲ ਮਾਨ ਨਗਰ ਵਿੱਚ ਕਾਂਗਰਸ ਪਾਰਟੀ ਦੇ ਸਥਾਨਕ ਸੰਗਠਨ ਨੂੰ ਨਵਾਂ ਹੁਲਾਰਾ ਮਿਲਿਆ।ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਪਰਿਵਾਰਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਹਰ ਨਵੇਂ ਅਤੇ ਪੁਰਾਣੇ ਸਾਥੀ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਦੀ ਅਸਲ ਤਾਕਤ ਉਸ ਦੇ ਸਮਰਪਿਤ ਵਰਕਰ ਅਤੇ ਲੋਕਾਂ ਦਾ ਭਰੋਸਾ ਹੁੰਦੇ ਹਨ। ਜਦੋਂ ਲੋਕ ਕਿਸੇ ਪਾਰਟੀ ਦੀ ਵਿਚਾਰਧਾਰਾ ਅਤੇ ਉਸ ਦੀ ਕਾਰਜਸ਼ੈਲੀ ’ਤੇ ਭਰੋਸਾ ਕਰਕੇ ਉਸ ਨਾਲ ਜੁੜਦੇ ਹਨ, ਤਾਂ ਇਹ ਪਾਰਟੀ ਲਈ ਹੌਂਸਲਾ ਵਧਾਉਣ ਵਾਲੀ ਗੱਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਪਰਿਵਾਰਾਂ ਵੱਲੋਂ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਪਾਰਟੀ ਲਈ ਉਤਸ਼ਾਹਜਨਕ ਹੈ ਅਤੇ ਇਸ ਨਾਲ ਇਲਾਕੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੀ ਕੋਸ਼ਿਸ਼ ਰਹੇਗੀ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ ਅਤੇ ਉਨ੍ਹਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇ। ਉਨ੍ਹਾਂ ਭਰੋਸਾ ਦਿਵਾਇਆ ਕਿ ਆਲੋਵਾਲ ਅਤੇ ਮਾਨ ਨਗਰ ਸਮੇਤ ਵਾਰਡ ਨੰਬਰ 1 ਅਤੇ 44 ਦੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਉਠਾਉਣ ਲਈ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇਗਾ। ਇਸ ਮੌਕੇ ਕਾਂਗਰਸ ਵਿੱਚ ਸ਼ਾਮਲ ਹੋਏ ਪਰਿਵਾਰਾਂ ਨੇ ਵੀ ਪਾਰਟੀ ਨਾਲ ਮਿਲ ਕੇ ਕੰਮ ਕਰਨ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ। ਮਾਨ ਨਗਰ ਵਿੱਚ ਹੋਏ ਸਿਆਸੀ ਸਮਾਗਮ ਦੌਰਾਨ ਐਡਵੋਕੇਟ ਜੈਂਤੀਪੁਰ ਨੇ ਮੁੜ ਦੁਹਰਾਇਆ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਵਿਜੇ ਕੁਮਾਰ ਬਿੱਲੂ ਸਾਬਕਾ ਸੀਨੀਅਰ ਡਿਪਟੀ ਮੇਅਰ, ਸ਼ਰਨਜੀਤ ਸਿੰਘ, ਅਭਿਜੀਤ ਸਿੰਘ, ਵਕੀਲ ਸਿੰਘ ਪ੍ਰਧਾਨ ਕਾਂਗਰਸ ਸੇਵਾ ਦਲ, ਕਮਲਦੀਪ ਸਿੰਘ, ਰੂਬਲ ਸ਼ੇਰੇ ਪੰਜਾਬ ਰਣਜੀਤ ਸਿੰਘ, ਗੋਲਡੀ ਸਾਬਕਾ ਪ੍ਰਧਾਨ ਯੂਥ ਅਲੀਵਾਲ ਰੋਡ, ਅਮਰਪਾਲ ਸਿੰਘ, ਗੁਰਨਾਮ ਸਿੰਘ, ਮੰਨੀ ਮਹਿਰਾ, ਰਾਜਨ ਕੁਮਾਰ, ਸਿਕੰਦਰ, ਅਮਨਦੀਪ ਸਿੰਘ, ਕਿਰਪਾਲ ਸਿੰਘ, ਗੁਰਲਾਲ ਸਿੰਘ ਆਦਿ ਹਾਜ਼ਰ ਸਨ।