ਅੰਗਰੇਜ਼ਾਂ ਦੇ ਸਮੇਂ ਬਣੇ ਧਾਰੀਵਾਲ ਦੇ ਯੂਬੀਡੀਸੀ ਨਹਿਰ ਪੁਲ ਦੀ ਹਾਲਤ ਖਸਤਾ, ਹਰ ਸਮੇਂ ਹਾਦਸਿਆਂ ਦਾ ਖ਼ਤਰਾ ਅੰਗਰੇਜ਼ਾਂ ਦੇ ਸਮੇਂ ਬਣੇ ਧਾਰੀਵਾਲ ਦੇ ਯੂਬੀਡੀਸੀ ਨਹਿਰ ਪੁਲ ਦੀ ਹਾਲਤ ਖਸਤਾ, ਹਰ ਸਮੇਂ ਹਾਦਸਿਆਂ ਦਾ ਖ਼ਤਰਾ
Publish Date: Thu, 19 Nov 2026 05:14 PM (IST)
Updated Date: Fri, 20 Nov 2026 04:04 AM (IST)
-ਤੰਗ ਅਤੇ ਕਮਜ਼ੋਰ ਪੁਲ ਬਣ ਰਿਹਾ ਪਰੇਸ਼ਾਨੀ, ਭਾਰੀ ਵਾਹਨਾਂ ਦੀ ਆਵਾਜਾਈ ਨਾਲ ਢਾਂਚੇ ’ਤੇ ਦਬਾਅ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਕਸਬਾ ਧਾਰੀਵਾਲ ਵਿੱਚੋਂ ਗੁਜ਼ਰਦੀ ਯੂਬੀਡੀਸੀ ਨਹਿਰ ਤੇ ਅੰਗਰੇਜ਼ਾਂ ਦੇ ਸ਼ਾਸਨਕਾਲ ਵਿੱਚ ਬਣਾਇਆ ਪੁਰਾਣਾ ਪੁਲ ਹੁਣ ਖਸਤਾ ਹਾਲਤ ਵਿੱਚ ਪਹੁੰਚ ਚੁੱਕਾ ਹੈ। ਪੁਲ ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਰਹੀ ਹੈ। ਪੁਲ ਦੇ ਕਮਜ਼ੋਰ ਢਾਂਚੇ ਅਤੇ ਘੱਟ ਚੌੜਾਈ ਕਾਰਨ ਹਰ ਸਮੇਂ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਦੇ ਬਾਵਜੂਦ ਇਸ ਪੁਲ ਤੋਂ ਲਗਾਤਾਰ ਵਾਹਨਾਂ ਦੀ ਆਵਾਜਾਈ ਜਾਰੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਰਹਿੰਦਿਆਂ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਅੰਗਰੇਜ਼ਾਂ ਦੇ ਸਮੇਂ ਬਣਾਇਆ ਗਿਆ ਇਹ ਪੁਲ ਉਸ ਦੌਰ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਸੀ। ਉਸ ਸਮੇਂ ਇਨ੍ਹਾਂ ਦੀ ਵਰਤੋਂ ਮੁੱਖ ਤੌਰ ਤੇ ਹਲਕੇ ਵਾਹਨਾਂ ਅਤੇ ਪੈਦਲ ਆਉਣ-ਜਾਣ ਵਾਲੇ ਲੋਕਾਂ ਲਈ ਹੁੰਦੀ ਸੀ, ਪਰ ਸਮੇਂ ਦੇ ਨਾਲ ਆਵਾਜਾਈ ਦਾ ਦਬਾਅ ਕਾਫ਼ੀ ਵੱਧ ਗਿਆ ਹੈ। ਹੁਣ ਇਸ ਪੁਰਾਣੇ ਪੁਲ ਤੋਂ ਭਾਰੀ ਵਾਹਨ ਅਤੇ ਓਵਰਲੋਡ ਟਰੱਕ ਵੀ ਲੰਘਦੇ ਹਨ। ਇਸ ਨਾਲ ਪੁਲ ਦੇ ਢਾਂਚੇ ਤੇ ਲਗਾਤਾਰ ਵਾਧੂ ਦਬਾਅ ਪੈ ਰਿਹਾ ਹੈ। ਪੁਲ ਦੀ ਨਿਰਮਾਣ ਸੰਰਚਨਾ ਅਤੇ ਮੌਜੂਦਾ ਆਵਾਜਾਈ ਦੀਆਂ ਲੋੜਾਂ ਵਿਚਕਾਰ ਵਧਦਾ ਅੰਤਰ ਇਸ ਦੀ ਸੁਰੱਖਿਆ ਲਈ ਗੰਭੀਰ ਚੁਣੌਤੀ ਬਣਦਾ ਜਾ ਰਿਹਾ ਹੈ। ਸਥਾਨਕ ਲੋਕਾਂ ਦੇ ਮੁਤਾਬਕ ਲੰਮੇ ਸਮੇਂ ਤੋਂ ਉਚਿਤ ਮੁਰੰਮਤ ਅਤੇ ਰੱਖ-ਰਖਾਅ ਨਾ ਹੋਣ ਕਾਰਨ ਪੁਲ ਕਮਜ਼ੋਰ ਹੋ ਚੁੱਕਾ ਹੈ। ਪੁਲ ਦੀ ਖ਼ਰਾਬ ਹੋ ਰਹੀ ਹਾਲਤ ਸਾਫ਼ ਦਿਖਾਈ ਦਿੰਦੀ ਹੈ। ਖ਼ਾਸ ਕਰਕੇ ਰਾਤ ਦੇ ਸਮੇਂ ਅਤੇ ਸਰਦੀਆਂ ਵਿੱਚ ਧੁੰਦ ਦੌਰਾਨ ਇੱਥੋਂ ਲੰਘਣਾ ਵਾਹਨ ਚਾਲਕਾਂ ਲਈ ਜੋਖ਼ਮ ਭਰਿਆ ਹੋ ਸਕਦਾ ਹੈ। ਕਮਜ਼ੋਰ ਰੇਲਿੰਗ ਅਤੇ ਤੰਗ ਰਸਤੇ ਕਾਰਨ ਥੋੜੀ ਜਿਹੀ ਲਾਪਰਵਾਹੀ ਵੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲ ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਇਸ ਦੀ ਤਕਨੀਕੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਸ ਦੀ ਮਜ਼ਬੂਤੀ ਅਤੇ ਸੁਰੱਖਿਅਤ ਆਵਾਜਾਈ ਸਮਰੱਥਾ ਦਾ ਪਤਾ ਲਗਾਇਆ ਜਾ ਸਕੇ। ਪੁਲ ਦੀ ਘੱਟ ਚੌੜਾਈ ਵੀ ਲੋਕਾਂ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਹੈ। ਦੋਵਾਂ ਦਿਸ਼ਾਵਾਂ ਤੋਂ ਇੱਕੋ ਸਮੇਂ ਵਾਹਨ ਆਉਣ ਤੇ ਉਨ੍ਹਾਂ ਨੂੰ ਨਿਕਲਣ ਵਿੱਚ ਕਾਫ਼ੀ ਦਿੱਕਤ ਹੁੰਦੀ ਹੈ। ਕਈ ਵਾਰ ਵਾਹਨ ਚਾਲਕਾਂ ਨੂੰ ਇੱਕ-ਦੂਜੇ ਨੂੰ ਰਸਤਾ ਦੇਣ ਲਈ ਰੁਕਣਾ ਪੈਂਦਾ ਹੈ, ਜਿਸ ਨਾਲ ਇੱਥੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਜਾਮ ਦੀ ਸਥਿਤੀ ਬਣ ਜਾਂਦੀ ਹੈ। ਭਾਰੀ ਵਾਹਨਾਂ ਦੀ ਆਵਾਜਾਈ ਦੌਰਾਨ ਇਹ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਇਸ ਤਰ੍ਹਾਂ ਪੁਲ ਤੋਂ ਲੰਘਣ ਵਾਲੇ ਦੋਪਹੀਆ ਵਾਹਨ ਚਾਲਕਾਂ ਅਤੇ ਪੈਦਲ ਯਾਤਰੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਤੋਂ ਇਸ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਮੰਗ ਉਠਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਗਰੇਜ਼ਾਂ ਦੇ ਸਮੇਂ ਬਣੇ ਇਸ ਪੁਰਾਣੇ ਅਤੇ ਤੰਗ ਪੁਲ ਦੀ ਥਾਂ ਆਧੁਨਿਕ ਲੋੜਾਂ ਅਨੁਸਾਰ ਨਵਾਂ ਅਤੇ ਚੌੜਾ ਪੁਲ ਬਣਾਇਆ ਜਾਣਾ ਚਾਹੀਦਾ ਹੈ। ਨਵੇਂ ਪੁਲ ਦਾ ਨਿਰਮਾਣ ਇਸ ਤਰ੍ਹਾਂ ਕੀਤਾ ਜਾਵੇ ਕਿ ਉਸ ਤੇ ਮੌਜੂਦਾ ਆਵਾਜਾਈ ਦਾ ਦਬਾਅ ਆਸਾਨੀ ਨਾਲ ਸੰਭਾਲਿਆ ਜਾ ਸਕੇ ਅਤੇ ਵਾਹਨਾਂ ਦੀ ਆਵਾਜਾਈ ਸੁਰੱਖਿਅਤ ਬਣੀ ਰਹੇ। ਲੋਕਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਜਦ ਤੱਕ ਨਵੇਂ ਪੁਲ ਦਾ ਨਿਰਮਾਣ ਨਹੀਂ ਹੋ ਜਾਂਦਾ ਉਦੋ ਤੱਕ ਪੁਰਾਣੇ ਪੁਲ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਭਾਰੀ ਵਾਹਨਾਂ ਅਤੇ ਓਵਰਲੋਡ ਟਰੱਕਾਂ ਦੇ ਲੰਘਣ ਤੇ ਪਾਬੰਦੀ ਲਗਾਈ ਜਾਵੇ।