ਜ਼ੋਨਲ ਯੂਥ ਫੈਸਟੀਵਲ 2026 ’ਚ ਸਰਕਾਰੀ ਕਾਲਜ ਦੀ ਇਤਿਹਾਸਕ ਪ੍ਰਾਪਤੀ ਜ਼ੋਨਲ ਯੂਥ ਫੈਸਟੀਵਲ 2026 ਵਿੱਚ ਕਾਲਜ ਦੀ ਇਤਿਹਾਸਕ ਪ੍ਰਾਪਤੀ
Publish Date: Sat, 17 Oct 2026 03:50 PM (IST)
Updated Date: Sun, 18 Oct 2026 04:00 AM (IST)
28 ਆਈਟਮਾਂ ’ਚ ਇਨਾਮ ਜਿੱਤੇ, 116 ਅੰਕਾਂ ਨਾਲ ਓਵਰਆਲ ਫਸਟ ਰਨਰਅੱਪ ਦਾ ਜਿੱਤਿਆ ਖ਼ਿਤਾਬ ਸਰਬਜੀਤ ਚਾਹਲ, ਪੰਜਾਬੀ ਜਾਗਰਣ, ਗੁਰਦਾਸਪੁਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਜ਼ੋਨਲ ਯੂਥ ਫੈਸਟੀਵਲ 2026 ’ਚ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਰਕਾਰੀ ਕਾਲਜ, ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 116 ਅੰਕ ਪ੍ਰਾਪਤ ਕਰਕੇ ਓਵਰਆਲ ਫਸਟ ਰਨਰ-ਅੱਪ ਦਾ ਖ਼ਿਤਾਬ ਹਾਸਲ ਕੀਤਾ। ਕਾਲਜ ਦੇ ਵਿਦਿਆਰਥੀਆਂ ਨੇ ਕੁੱਲ 32 ਆਈਟਮਾਂ ’ਚ ਭਾਗ ਲਿਆ ਅਤੇ 28 ਆਈਟਮਾਂ ਵਿੱਚ ਇਨਾਮ ਜਿੱਤ ਕੇ ਕਾਲਜ ਦੇ ਨਾਲ-ਨਾਲ ਗੁਰਦਾਸਪੁਰ ਸ਼ਹਿਰ ਦਾ ਨਾਮ ਰੌਸ਼ਨ ਕੀਤਾ। 9 ਆਈਟਮਾਂ ’ਚ ਪਹਿਲਾ, 13 ਵਿੱਚ ਦੂਜਾ ਅਤੇ 6 ਵਿੱਚ ਤੀਜਾ ਸਥਾਨ ਪ੍ਰਾਪਤ ਕਰਨਾ ਕਾਲਜ ਦੇ ਇਤਿਹਾਸ ਵਿੱਚ ਇੱਕ ਯਾਦਗਾਰੀ ਪ੍ਰਾਪਤੀ ਹੈ। ਵਿਦਿਆਰਥੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਗੁਰਦਾਸਪੁਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਜਸਟਿਸ ਹਰਪ੍ਰੀਤ ਸਿੰਘ ਜੀ ਵਿਸ਼ੇਸ਼ ਤੌਰ ’ਤੇ ਕਾਲਜ ਪਹੁੰਚੇ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ। ਜਸਟਿਸ ਹਰਪ੍ਰੀਤ ਸਿੰਘ ਨੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਜਿਹੇ ਉਪਰਾਲੇ ਕਰਕੇ ਸਰਹੱਦੀ ਖੇਤਰ ਗੁਰਦਾਸਪੁਰ ਦੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਵਿੱਚ ਭਾਗ ਲੈਣ ਦਾ ਮੌਕਾ ਪ੍ਰਦਾਨ ਕੀਤਾ। ਉਨ੍ਹਾਂ ਵਿਦਿਆਰਥੀਆਂ ਵੱਲੋਂ ਵੱਖ-ਵੱਖ ਕਲਾਵਾਂ ਅਤੇ ਸੱਭਿਆਚਾਰਕ ਆਈਟਮਾਂ ਵਿੱਚ ਵੱਡੀ ਗਿਣਤੀ ਵਿੱਚ ਇਨਾਮ ਜਿੱਤਣ ਦੀ ਸ਼ਲਾਘਾ ਕੀਤੀ। ਇਸ ਹੌਸਲਾ-ਅਫ਼ਜ਼ਾਈ ਸਮਾਗਮ ਵਿੱਚ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਪਰਮਿੰਦਰ ਸੈਣੀ, ਕਾਲਜ ਦੇ ਵਾਈਸ ਪ੍ਰਿੰਸੀਪਲ ਸ੍ਰੀ ਕਰਨਜੀਤ ਸ਼ਰਮਾ ਅਤੇ ਪ੍ਰੋਫੈਸਰ ਸਰਬਜੀਤ ਸਿੰਘ ਸਮੇਤ ਵੱਖ-ਵੱਖ ਸੱਭਿਆਚਾਰਕ ਟੀਮਾਂ ਦੇ ਇੰਚਾਰਜ ਅਧਿਆਪਕ ਅਤੇ ਅਧਿਕਾਰੀ ਵੀ ਸ਼ਾਮਲ ਹੋਏ। ਸਮੂਹ ਹਾਜ਼ਰੀਨ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਕਾਲਜ ਦੇ ਵਿਦਿਆਰਥੀਆਂ ਨੇ ਕੋਰੀਓਗ੍ਰਾਫੀ, ਕਵੀਸ਼ਰੀ, ਗਰੁੱਪ ਸ਼ਬਦ, ਕੁਇਜ਼, ਸਕਿੱਟ, ਜਨਰਲ ਡਾਂਸ (ਲੁੱਡੀ), ਭੰਗੜੇ ਅਤੇ ਹੋਰ ਸੰਗੀਤਕ, ਸਾਹਿਤਕ ਤੇ ਨਾਟਕੀ ਆਈਟਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੁੱਡੀ ਅਤੇ ਭੰਗੜੇ ਵਿੱਚ ਪਹਿਲਾ ਸਥਾਨ ਹਾਸਲ ਕਰਨਾ ਪੰਜਾਬ ਦੀ ਅਮੀਰ ਲੋਕ-ਵਿਰਾਸਤ ਪ੍ਰਤੀ ਵਿਦਿਆਰਥੀਆਂ ਦੇ ਪਿਆਰ ਅਤੇ ਸਮਰਪਣ ਦਾ ਪ੍ਰਤੀਕ ਹੈ। ਕੋਰੀਓਗ੍ਰਾਫੀ ਵਿੱਚ ਪਹਿਲਾ ਸਥਾਨ ਅਤੇ ਨਾਟਕੀ ਆਈਟਮਾਂ ਵਿੱਚ ਸਫਲਤਾ ਨੇ ਕਾਲਜ ਦੇ ਰੰਗਮੰਚੀ ਸਫ਼ਰ ਨੂੰ ਨਵਾਂ ਹੁਲਾਰਾ ਦਿੱਤਾ ਹੈ। ਇਸ ਸਾਲ ਦੀ ਪ੍ਰਾਪਤੀ ਕਾਲਜ ਲਈ ਇੱਕ ਨਵੀਂ ਸੰਭਾਵਨਾ ਦਾ ਦਰਵਾਜ਼ਾ ਖੋਲ੍ਹਦੀ ਹੈ। ਕਾਲਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਿਦਿਆਰਥੀ 22 ਆਈਟਮਾਂ ਵਿੱਚ ਅੰਤਰ-ਜ਼ੋਨਲ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਹ ਮੌਕਾ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਵੱਡੇ ਮੰਚ ’ਤੇ ਪੇਸ਼ ਕਰਨ ਅਤੇ ਯੂਨੀਵਰਸਿਟੀ ਪੱਧਰ ’ਤੇ ਕਾਲਜ ਦੀ ਪਛਾਣ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰੇਗਾ।