ਅਫ਼ਵਾਹ ਨਿਕਲਿਆ ਖਾਲਿਸਤਾਨ ਕਮਾਂਡੋ ਫੋਰਸ ਵੱਲੋਂ ਗੁਰਦਾਸਪੁਰ ਡੀਸੀ ਦਫਤਰ ’ਤੇ ਗ੍ਰਨੇਡ ਹਮਲੇ ਦਾ ਦਾਅਵਾ ਅਫਵਾਹ ਨਿਕਲਿਆ ਖਾਲਿਸਤਾਨ ਕਮਾਂਡੋ ਫੋਰਸ ਵੱਲੋਂ ਗੁਰਦਾਸਪੁਰ ਡੀਸੀ ਦਫਤਰ ਤੇ ਗ੍ਰਨੇਡ ਹਮਲੇ ਦਾ ਦਾਅਵਾ
Publish Date: Sat, 17 Oct 2026 05:29 PM (IST)
Updated Date: Sun, 18 Oct 2026 04:03 AM (IST)
-ਹਮਲੇ ਦੀ ਵੀਡੀਓ ਵਾਇਰਲ ਹੋਣ ਉਪਰੰਤ ਪੁਲਿਸ ਨੇ ਛੇੜੀ ਤਲਾਸ਼ੀ ਮੁਹਿੰਮ, ਸਾਈਬਰ ਸੈੱਲ ਨੂੰ ਸੌਂਪੀ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਉਣ ਦੀ ਜ਼ਿੰਮੇਵਾਰੀ ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਅੱਜ ਸਵੇਰੇ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਇੱਕ ਵੀਡੀਓ ਵਾਇਰਲ ਹੋ ਗਈ, ਜਿਸ ’ਚ ਖਾਲਿਸਤਾਨ ਕਮਾਂਡੋ ਫੋਰਸ ਦੇ ਕਾਰਕੁਨਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਵੱਲੋਂ 16 ਅਕਤੂਬਰ ਦੀ ਰਾਤ ਡੀਸੀ ਦਫਤਰ ਗੁਰਦਾਸਪੁਰ ਵਿਖੇ ਗ੍ਰਨੇਡ ਹਮਲਾ ਕੀਤਾ ਗਿਆ ਹੈ। ਇਹ ਖਬਰ ਅੱਜ ਦਿਨਭਰ ਚਰਚਾ ਦਾ ਵਿਸ਼ਾ ਬਣੀ ਰਹੀ ਪਰ ਉੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਖਬਰ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਅਫ਼ਵਾਹ ਕਰਾਰ ਦਿੱਤਾ ਗਿਆ। ਇਸ ਸਨਸਨੀਖੇਜ਼ ਵੀਡੀਓ ਦੇ ਵਾਇਰਲ ਹੋਣ ਉਪਰੰਤ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿੱਚ ਆਉਣ ਲਈ ਮਜ਼ਬੂਰ ਹੋਣਾ ਪਿਆ ਤੇ ਉਨ੍ਹਾਂ ਵੱਲੋਂ ਐੱਸਪੀ ਮਨਿੰਦਰ ਸਿੰਘ ਦੀ ਅਗਵਾਈ ਹੇਠ ਡੀਸੀ ਦਫਤਰ ਕੰਪਲੈਕਸ ਦੀ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਗਈ। ਇਸ ਦੌਰਾਨ ਡਾਗ ਸਕੂਐਡ ਅਤੇ ਐਂਟੀ ਸਾਬੋਟਾਜ਼ ਦੀ ਸਹਾਇਤਾ ਨਾਲ ਚੱਪਾ-ਚੱਪਾ ਖੰਗਾਲਿਆ ਗਿਆ ਪਰ ਨਾ ਤਾਂ ਗ੍ਰਨੇਡ ਹਮਲੇ ਦੀ ਕੋਈ ਸਬੂਤ ਹੱਥ ਲੱਗਾ ਤੇ ਨਾ ਹੀ ਕੋਈ ਸ਼ੱਕੀ ਵਸਤੂ ਬਰਾਮਦ ਹੋਈ। ਇਸ ਬਾਬਤ ਐੱਸਐੱਸਪੀ ਆਦਿਤਿਆ ਨੇ ਦੱਸਿਆ ਕਿ ਇਹ ਪੂਰੀ ਤਰ੍ਹਾਂ ਬੇਬੁਨਿਆਦ ਸੀ। ਸਾਈਬਰ ਸੈੱਲ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਉਣ ਜਿੰਨਾਂ ਨੇ ਇਹ ਫਰਜ਼ੀ ਵੀਡੀਓ ਤਿਆਰ ਕਰਕੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਅੱਪਲੋਡ ਕੀਤੀ। ਜ਼ਿਕਰਯੋਗ ਹੈ ਕਿ ਜੋ ਵੀਡੀਓ ਵਾਇਰਲ ਹੋਈ ਉਸ ਵਿੱਚ ਦਾਅਵਾ ਕੀਤਾ ਗਿਆ ਕਿ ਗ੍ਰਨੇਡ ਇਸ ਲਈ ਸੁੱਟਿਆ ਗਿਆ ਹੈ ਕਿਉਂਕਿ ਪੁਲਿਸ ਸਾਡੇ ਬੰਦਿਆਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਇਸ ਘਟਨਾ ਦੀ ਜ਼ਿੰਮੇਵਾਰੀ ਗੈਂਗਸਟਰ ਨਿਸ਼ਾਨ ਸਿੰਘ ਜੋੜੀਆ ਅਤੇ ਆਦੇਸ਼ ਜਮਾਰਾਏ ਨੇ ਲਈ ਹੈ। ਐੱਸਐੱਸਪੀ ਨੇ ਹੋਰ ਦੱਸਿਆ ਕਿ ਸ਼ਰਾਰਤੀ ਅਨਸਰਾਂ ਦਾ ਮਤਲਬ ਸਿਰਫ ਦਹਿਸ਼ਤ ਫੈਲਾਉਣਾ ਅਤੇ ਪੰਜਾਬ ਵਿੱਚ ਸ਼ਾਂਤੀ ਭੰਗ ਕਰਨਾ ਹੈ। ਬੇਸ਼ੱਕ ਤਾਜ਼ਾ ਘਟਨਾ ਵਿੱਚ ਗ੍ਰਨੇਡ ਹਮਲੇ ਦਾ ਕੋਈ ਸਬੂਤ ਨਹੀਂ ਮਿਲਿਆ ਪਰ ਜ਼ਿਕਰਯੋਗ ਹੈ ਕਿ ਇਸ ਸਾਲ 27 ਅਪ੍ਰੈਲ ਨੂੰ ਗੁਰਦਾਸਪੁਰ ਦੇ ਗੀਤਾ ਭਵਨ ਰੋਡ ਤੇ ਇੱਕ ਗ੍ਰਨੇਡ ਸੁੱਟਿਆ ਗਿਆ ਸੀ ਜਿਸ ਨੂੰ ਸੁਰੱਖਿਆ ਏਸੰਜੀਆਂ ਵੱਲੋਂ ਨਾਕਾਰਾ ਕੀਤਾ ਗਿਆ। ਇਸ ਹਮਲੇ ਦੇ ਮੁਲਜ਼ਮ ਹਰਮਨਜੀਤ ਸਿੰਘ ਨੂੰ 24 ਸਤਬੰਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜੂਨ ਮਹੀਨੇ ਕਲਾਨੌਰ ਦੇ ਇੱਕ ਨਿੱਜੀ ਹਸਪਤਾਲ ਉੱਤੇ ਗ੍ਰਨੇਡ ਹਮਲੇ ਦੇ ਮੁਲਜ਼ਮਾਂ ਨੂੰ 6 ਘੰਟਿਆਂ ਵਿੱਚ ਹੀ ਦਬੋਚ ਲਿਆ ਗਿਆ ਸੀ। ਇਸ ਤੋਂ ਇਲਾਵਾ ਨਵੰਬਰ 2025 ਵਿੱਚ ਸਿਟੀ ਪੁਲਿਸ ਸਟੇਸ਼ਨ ਗੁਰਦਾਸਪੁਰ ਦੇ ਬਾਹਰ ਗ੍ਰਨੇਡ ਹਮਲਾ ਹੋਇਆ ਸੀ, ਜਿਸ ਵਿਚ 3 ਵਿਅਕਤੀ ਜ਼ਖਮੀ ਹੋ ਗਏ ਸਨ। ਗ੍ਰਨੇਡ ਦੇ ਸ਼ਰ੍ਹੇ ਲੱਗਣ ਕਰ ਕੇ ਥਾਣੇ ਦੀ ਬਾਹਰੀ ਦੀਵਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ।