ਸਾਇੰਸ ਤੇ ਮੈਥ ਪ੍ਰਦਰਸ਼ਨੀ ਦੌਰਾਨ ਬੱਚਿਆਂ ਨੇ ਦਿਖਾਇਆ ਹੁਨਰ ਸਾਇੰਸ ਅਤੇ ਮੈਥ ਪ੍ਰਦਰਸ਼ਨੀ ਦੌਰਾਨ ਬੱਚਿਆਂ ਨੇ ਦਿਖਾਇਆ ਆਪਣਾ ਹੁਨਰ
Publish Date: Sat, 14 Nov 2026 04:35 PM (IST)
Updated Date: Sun, 15 Nov 2026 04:01 AM (IST)
ਵਿਜੇ ਥਾਪਰ, ਪੰਜਾਬੀ ਜਾਗਰਣ, ਬਟਾਲਾ : ਬਾਬਾ ਬੁੱਢਾ ਸਾਹਿਬ ਮਾਡਰਨ ਸੀਨੀਅਰ ਸੈਕੈਂਡਰੀ ਸਕੂਲ, ਉਗਰੇਵਾਲ ਵਿਖੇ ਸਾਇੰਸ ਫੇਅਰ ਅਤੇ ਮੈਥ ਐਗਜ਼ੀਬਿਸ਼ਨ (ਸਾਇੰਸ ਤੇ ਗਣਿਤ ਪ੍ਰਦਰਸ਼ਨੀ) ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਧ ਚੜ੍ਹ ਕੇ ਹਿੱਸਾ ਲਿਆ ਗਿਆ ਤੇ ਬਹੁਤ ਸਾਰੇ ਖ਼ੂਬਸੂਰਤ ਅਤੇ ਉਪਯੋਗੀ ਵਰਕਿੰਗ ਮਾਡਲ ਬਣਾ ਕੇ ਪੇਸ਼ ਕੀਤੇ ਗਏ। ਬੱਚਿਆਂ ਨੇ ਆਪਣੀ ਮਿਹਨਤ ਅਤੇ ਸਿਰਜਣਾਤਮਕ ਸੋਚ ਨਾਲ ਵਿਗਿਆਨ ਅਤੇ ਗਣਿਤ ਦੇ ਵੱਖ-ਵੱਖ ਸਿਧਾਂਤਾਂ ਨੂੰ ਮਾਡਲਾਂ ਦੇ ਰੂਪ ਵਿੱਚ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ। ਸਕੂਲ ਦੇ ਪ੍ਰਿੰਸੀਪਲ ਮੈਡਮ ਅਤੇ ਸਮੂਹ ਅਧਿਆਪਕਾਂ ਨੇ ਇੱਕ-ਇੱਕ ਕਰ ਕੇ ਸਾਰੇ ਬੱਚਿਆਂ ਦੇ ਮਾਡਲਾਂ ਨੂੰ ਬਾਰੀਕੀ ਨਾਲ ਚੈੱਕ ਕੀਤਾ। ਪ੍ਰਿੰਸੀਪਲ ਮੈਡਮ ਸ਼੍ਰੀਮਤੀ ਹਰਪ੍ਰੀਤ ਕੌਰ ਜੀ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਸਾਰੇ ਬੱਚਿਆਂ ਦੇ ਮਾਡਲ ਬਹੁਤ ਹੀ ਸ਼ਾਨਦਾਰ ਅਤੇ ਕਾਬਿਲ-ਏ-ਤਾਰੀਫ਼ ਸਨ। ਮੁਕਾਬਲੇ ਦੌਰਾਨ ਸਭ ਤੋਂ ਵਧੀਆ ਅਤੇ ਬਿਹਤਰੀਨ ਵਰਕਿੰਗ ਮਾਡਲ ਤਿਆਰ ਕਰਨ ਵਾਲੇ ਵਿਦਿਆਰਥੀਆਂ ਦੀਆਂ ਪੁਜ਼ੀਸ਼ਨਾਂ ਵੀ ਕੱਢੀਆਂ ਗਈਆਂ ਤੇ ਜੇਤੂ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ, ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੇ ਬਾਕੀ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਵੀ ਹੌਸਲਾ ਵਧਾਉਣ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਮੇਲਾ ਵਿਦਿਆਰਥੀਆਂ ਲਈ ਗਿਆਨਵਰਧਕ ਅਤੇ ਬਹੁਤ ਹੀ ਕਾਮਯਾਬ ਰਿਹਾ। ਇਹ ਮੇਲਾ ਸਾਰੇ ਸਟਾਫ ਦੇ ਸਹਿਯੋਗ ਨਾਲ ਹੋ ਨਿਬੜਿਆ।