ਬਾਲ ਭਲਾਈ ਕੌਂਸਲ ਨੇ ਕਰਵਾਇਆ 'ਇੰਟਰਜਨਰੇਸ਼ਨਲ ਬਾਂਡਿੰਗ ਐਕਟੀਵਿਟੀਜ਼' ਪ੍ਰੋਗਰਾਮ ਬਾਲ ਭਲਾਈ ਕੌਂਸਲ ਵੱਲੋਂ 'ਇੰਟਰਜਨਰੇਸ਼ਨਲ ਬਾਂਡਿੰਗ ਐਕਟੀਵਿਟੀਜ਼' ਦਾ ਆਯੋਜਨ
Publish Date: Thu, 08 Oct 2026 04:30 PM (IST)
Updated Date: Thu, 08 Oct 2026 04:32 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਪੰਜਾਬ ਸਰਕਾਰ ਦੀ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਅਤੇ ਉਡਾਨ ਐੱਨਜੀਓ ਦੇ ਸਹਿਯੋਗ ਨਾਲ ਬਾਲ ਭਲਾਈ ਕੌਂਸਲ ਗੁਰਦਾਸਪੁਰ ਵੱਲੋਂ ਇੰਟਰਜਨਰੇਸ਼ਨਲ ਬਾਂਡਿੰਗ ਐਕਟੀਵਿਟੀਜ਼ ਤਹਿਤ ਇੱਕ ਭਾਵਨਾਤਮਕ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਪ੍ਰਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ, ਸਲੱਮ ਏਰੀਆ ਮਾਨ ਕੌਰ, ਗੁਰਦਾਸਪੁਰ ਵਿਖੇ ਕਰਵਾਇਆ ਗਿਆ। ਇਹ ਸੈਂਟਰ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ, ਫਾਊਂਡਰ-ਚੇਅਰਮੈਨ ਦੀ ਦੇਖ-ਰੇਖ ਹੇਠ ਸਲੱਮ ਖੇਤਰ ਦੇ ਬੱਚਿਆਂ ਦੀ ਸਿੱਖਿਆ ਅਤੇ ਸਰਵਪੱਖੀ ਵਿਕਾਸ ਲਈ ਚਲਾਇਆ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਹੈਲਪਏਜ ਇੰਡੀਆ ਵੱਲੋਂ ਚਲਾਏ ਜਾ ਰਹੇ ਓਲਡ ਏਜ ਹੋਮ ਦੇ ਲਗਭਗ 30 ਬਜ਼ੁਰਗਾਂ ਅਤੇ ਸੈਂਟਰ ਦੇ ਕਰੀਬ 50 ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਵੱਲੋਂ ਬਜ਼ੁਰਗਾਂ ਦਾ ਮੈਡਲ ਪਾ ਕੇ ਸਨਮਾਨਪੂਰਵਕ ਸਵਾਗਤ ਕਰਨ ਨਾਲ ਹੋਈ। ਇਸ ਮੌਕੇ ਰੋਮੇਸ਼ ਮਹਾਜਨ ਨੇ ਕਿਹਾ ਕਿ ਅੱਜ ਇਸ ਸੈਂਟਰ ਵਿੱਚ ਤਿੰਨ ਪੀੜ੍ਹੀਆਂ ਦੇ ਸੁਮੇਲ ਦਾ ਸੁੰਦਰ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ, ਜੋ ਸਮਾਜਿਕ ਸਾਂਝ ਅਤੇ ਆਪਸੀ ਸਤਿਕਾਰ ਦੀ ਇੱਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਕੀਮਤੀ ਤਜਰਬਾ ਅਤੇ ਵਿਰਾਸਤ ਹਨ, ਜਦਕਿ ਬੱਚੇ ਸਾਡੇ ਭਵਿੱਖ ਦੀ ਨੀਂਹ ਹਨ। ਦੋਵਾਂ ਪੀੜ੍ਹੀਆਂ ਨੂੰ ਨੇੜੇ ਲਿਆਉਣ ਵਾਲੀਆਂ ਅਜਿਹੀਆਂ ਗਤੀਵਿਧੀਆਂ ਸਮਾਜ ਵਿੱਚ ਪਿਆਰ, ਸੰਵੇਦਨਸ਼ੀਲਤਾ ਅਤੇ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਬਜ਼ੁਰਗਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨਾਲ ਸਮਾਂ ਬਿਤਾ ਕੇ ਉਨ੍ਹਾਂ ਨੂੰ ਆਪਣੇ ਬਚਪਨ ਦੀਆਂ ਯਾਦਾਂ ਮੁੜ ਜੀਵੰਤ ਹੋਣ ਦਾ ਅਹਿਸਾਸ ਹੋਇਆ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਕਿਰਤਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਵਿਭਾਗ ਵੱਲੋਂ ਬੱਚਿਆਂ ਨੂੰ ਸਕੂਲ ਬੈਗ ਅਤੇ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਉਡਾਨ ਐੱਨਜੀਓ ਦੇ ਪ੍ਰਧਾਨ ਬਲਜੀਤ ਸਿੰਘ ਉੱਪਲ, ਓਲਡ ਏਜ ਹੋਮ ਦੇ ਮੈਨੇਜਰ, ਸੋਸ਼ਲ ਵਰਕਰ ਜੈ ਰਘਬੀਰ ਤੋਂ ਇਲਾਵਾ ਸਮੂਹ ਸਟਾਫ ਮੈਂਬਰ, ਬੱਚੇ, ਬਜ਼ੁਰਗ ਅਤੇ ਪਤਵੰਤੇ ਸੱਜਣ ਹਾਜ਼ਰ ਸਨ।