ਪੰਜਾਬ ’ਚ ਗੰਨੇ ਦਾ ਵੱਧ ਭਾਅ ਦੇਣਾ ਮੁੱਖ ਮੰਤਰੀ ਦਾ ਦਾਅਵਾ ਹੈ ਕੋਰਾ ਝੂਠ : ਭੋਜਰਾਜ ਸਾਰੇ ਸੂਬਿਆਂ ਨਾਲੋਂ ਪੰਜਾਬ ਵਿੱਚ ਗੰਨੇ ਦਾ ਵੱਧ ਭਾਅ ਦੇਣ ਦਾ ਮੁੱਖ ਮੰਤਰੀ ਦਾ ਦਾਅਵਾ ਕੋਰਾ ਝੂਠ: ਭੋਜਰਾਜ
Publish Date: Thu, 26 Nov 2026 04:06 PM (IST)
Updated Date: Fri, 27 Nov 2026 04:04 AM (IST)
ਸਰਬਜੀਤ ਚਾਹਲ, ਪੰਜਾਬੀ ਜਾਗਰਣ, ਗੁਰਦਾਸਪੁਰ : ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਭਾਰਤ ਦੇ ਆਗੂ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਬੀਤੇ ਕੱਲ੍ਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਗੰਨੇ ਦੇ ਸੀਜ਼ਨ 2026-27 ਦੇ ਭਾਅ ’ਚ 15 ਰੁਪਏ ਵਾਧਾ ਕਰਕੇ 431 ਰੁਪਏ ਪ੍ਰਤੀ ਕੁਇੰਟਲ ਭਾਅ ਦਾ ਐਲਾਨ ਕਰਨ ਮੌਕੇ ਦਾਅਵਾ ਕੀਤਾ ਕਿ ਦੇਸ਼ ਦੇ ਸਾਰੇ ਰਾਜਾਂ ਤੋਂ ਵੱਧ ਭਾਅ ਪੰਜਾਬ ’ਚ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਦਾ ਇਹ ਦਾਅਵਾ ਕੋਰਾ ਝੂਠ ਹੈ। ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਕਰਨਾਟਕ ’ਚ 420 ਰੁਪਏ ਪ੍ਰਤੀ ਕੁਇੰਟਲ ਸਰਕਾਰ ਭਾਅ ਦੇ ਰਹੀ ਹੈ ਅਤੇ ਗੰਨੇ ਦੀ ਕਟਾਈ, ਛਿਲਾਈ ਅਤੇ ਢੁਆਈ ਖੰਡ ਮਿੱਲਾਂ ਕਿਸਾਨਾਂ ਨੂੰ ਵੱਖਰੇ ਤੌਰ ਤੇ ਦੇ ਰਹੀਆਂ ਹਨ। ਇਸ ਤਰ੍ਹਾਂ ਉੱਥੇ ਦਾ ਭਾਅ ਪ੍ਰਤੀ ਕੁਇੰਟਲ 520 ਰੁਪਏ ਤੋਂ ਵੱਧ ਬਣਦਾ ਹੈ। ਮੁੱਖ ਮੰਤਰੀ ਪੰਜਾਬ ਜੇਕਰ 520 ਰੁਪਏ ਤੋਂ ਵੱਧ ਭਾਅ ਦਿੰਦੇ ਤਾਂ ਕਹਿ ਸਕਦੇ ਸਨ ਕਿ ਸਾਰੇ ਸੂਬਿਆਂ ਨਾਲੋਂ ਪੰਜਾਬ ਸਰਕਾਰ ਵੱਧ ਭਾਅ ਦੇ ਰਹੀ ਹੈ। ਫ਼ਿਲਹਾਲ ਮੁੱਖ ਮੰਤਰੀ ਦੇ ਦਾਅਵੇ ਝੂਠੇ, ਸ਼ਰੇਆਮ ਕਿਸਾਨਾਂ ਨਾਲ ਮਜ਼ਾਕ ਅਤੇ ਧੋਖਾ ਕਰਨ ਵਾਲੇ ਹਨ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਮਾਹਿਰਾਂ ਅਨੁਸਾਰ ਗੰਨੇ ਦਾ ਲਾਗਤ ਮੁੱਲ 470 ਰੁਪਏ ਪ੍ਰਤੀ ਕੁਇੰਟਲ ਹੈ ਤੇ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸੀ-50 ਫੀਸਦ ਮੁਨਾਫ਼ਾ ਜੋੜ ਕੇ, ਗੰਨਾ ਇੱਕ ਸਾਲ ਦੀ ਫ਼ਸਲ ਹੈ ਇਸ ਲਈ ਇਸ ਵਿੱਚ ਸੌ ਫ਼ੀਸਦੀ ਮੁਨਾਫ਼ਾ ਜੋੜਿਆ ਜਾਣਾ ਹੈ, ਇਸ ਨਾਲ ਭਾਅ ਪ੍ਰਤੀ ਕੁਇੰਟਲ 940 ਰੁਪਏ ਬਣਦਾ ਹੈ। ਗੰਨੇ ਦਾ ਵੱਧ ਜਾਂ ਵਾਜਬ ਭਾਅ ਦੇਣਾ ਤਾਂ ਦੂਰ, ਇਕੱਲੀ ਫਗਵਾੜਾ ਖੰਡ ਮਿੱਲ ਦੀ ਪੰਜ ਸਾਲ ਪੁਰਾਣੀ ਬਕਾਇਆ ਰਾਸ਼ੀ 27 ਕਰੋੜ ਅਤੇ ਸਰਕਾਰ ਵੱਲੋਂ ਨਿੱਜੀ ਖੰਡ ਮਿੱਲਾਂ ਨੂੰ ਦਿੱਤੇ ਜਾਣ ਵਾਲੇ 68 ਰੁਪਏ ਸਮੇਤ ਕਰੀਬ 52 ਕਰੋੜ ਰੁਪਏ ਬਕਾਇਆ ਰਾਸ਼ੀ ਸਰਕਾਰ ਤੇ ਪ੍ਰਾਈਵੇਟ ਮਿੱਲਾਂ ਵੱਲ ਖੜ੍ਹੀ ਹੈ। ਪਰੰਤੂ ਪੰਜਾਬ ਸਰਕਾਰ ਬਕਾਇਆ ਰਾਸ਼ੀ ਦੇਣ ਲਈ ਸੰਜੀਦਾ ਨਹੀਂ ਹੈ। ਸਿੱਤਮ ਜ਼ਰੀਫੀ ਇਹ ਹੈ ਕਿ ਆਪਣੇ ਹੱਕ ਮੰਗਣ ਵਾਲੇ ਧਰਨਾਕਾਰੀਆਂ ’ਤੇ ਝੂਠੇ ਕੇਸ ਪਾ ਕੇ ਆਗੂਆਂ ਨੂੰ ਜੇਲ੍ਹਾਂ ’ਚ ਬੰਦ ਕੀਤਾ ਹੈ। ਗੰਨੇ ਦਾ ਲਾਹੇਵੰਦ ਭਾਅ ਲੈਣ ਲਈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਕਰਨਾਟਕ ਸਮੇਤ ਦੇਸ਼ ਦੇ ਸਾਰੇ ਗੰਨਾ ਉਤਪਾਦਕ ਸੂਬਿਆਂ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਭਾਰਤ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ 15 ਨਵੰਬਰ ਤੋਂ ਖੰਡ ਮਿੱਲ ਮੁਕੇਰੀਆਂ ਅੱਗੇ ਗੰਨੇ ਦਾ ਵਾਜਬ ਭਾਅ ਲੈਣ, ਬਕਾਇਆ ਰਾਸ਼ੀ ਲੈਣ, ਗੰਨੇ ਦੀ ਅਦਾਇਗੀ ਇਕੱਠੀ ਲੈਣ ਅਤੇ ਮਿੱਲਾਂ ਸਹੀ ਸਮੇਂ ਤੇ ਚਲਾਉਣ ਦੀ ਇੱਕ ਪੱਕੀ ਤਰੀਕ ਮਿੱਥਣ ਲਈ ਸੰਯੁਕਤ ਗੰਨਾ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਧਰਨਾ ਚੱਲ ਰਿਹਾ ਹੈ। ਇਹ ਧਰਨਾ ਉਪਰੋਕਤ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ।