ਫੁੱਲਜੀਤ ਸਿੰਘ ਲਾਲੀ ਦੀ ਮੌਤ ’ਤੇ ਛੋਟੇਪੁਰ ਨੇ ਕੀਤਾ ਦੁੱਖ ਸਾਂਝਾ ਗੋਲੀ ਮਾਰ ਕੇ ਕਤਲ ਕੀਤੇ ਗਏ ਇਕਲੋਤੇ ਪੁੱਤਰ ਲਾਲੀ ਦੀ ਮੌਤ ਤੇ ਪਰਿਵਾਰ ਨਾਲ ਛੋਟੇਪੁਰ ਨੇ ਕੀਤਾ ਦੁੱਖ ਸਾਂਝਾ
Publish Date: Fri, 25 Sep 2026 05:33 PM (IST)
Updated Date: Fri, 25 Sep 2026 05:36 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮੱਲਿਆਂਵਾਲ ਵਿਖੇ ਜਿੱਥੇ ਬੀਤੇ ਦਿਨੀਂ ਪੰਜ ਭੈਣਾਂ ਦੇ ਭਰਾ ਫੁੱਲਜੀਤ ਸਿੰਘ ਲਾਲੀ ਦਾ ਸ਼ਰੀਕੇ ਵੱਲੋਂ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦੀ ਬੇਵਕਤੀ ਮੌਤ ਤੇ ਸ਼ੁੱਕਰਵਾਰ ਨੂੰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਵੱਲੋਂ ਪਿੰਡ ਮੱਲਿਆਂਵਾਲ ਵਿਖੇ ਪਹੁੰਚ ਕੇ ਫੁੱਲਜੀਤ ਲਾਲੀ ਦੀ ਮਾਤਾ ਮਨਜੀਤ ਕੌਰ, ਚਾਚਾ ਮੱਖਣ ਸਿੰਘ ਸਮੇਤ ਪੀੜਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇੱਥੇ ਦੱਸਣ ਯੋਗ ਹੈ ਕਿ ਮਰਹੂਮ ਫੁੱਲਜੀਤ ਲਾਲੀ ਦਾ ਪਿਤਾ ਕਾਮਰੇਡ ਸੁਲੱਖਣ ਸਿੰਘ ਮਰਹੂਮ ਕਮਿਊਨਿਸਟ ਨੇਤਾ ਹਰਿਕ੍ਰਿਸ਼ਨ ਸਿੰਘ ਸੁਰਜੀਤ ਦੇ ਨਜ਼ਦੀਕੀ ਸਾਥੀ ਸਨ ਅਤੇ ਸੁਲੱਖਣ ਸਿੰਘ ਦੀ ਵੀ ਪਿਛਲੇ ਦਿਨੀਂ ਹੀ ਮੌਤ ਹੋਈ ਸੀ। ਇਸ ਤੋਂ ਬਾਅਦ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਕਰਨ ਨੂੰ ਲੈ ਕੇ ਪੰਜਾਂ ਭੈਣਾਂ ਦੇ ਭਰਾ ਫੁੱਲਜੀਤ ਲਾਲੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੁੱਚਾ ਸਿੰਘ ਛੋਟੇਪੁਰ ਵੱਲੋਂ ਮਰਹੂਮ ਫੁੱਲਜੀਤ ਲਾਲੀ ਦੀ ਬਜ਼ੁਰਗ ਮਾਤਾ ਮਨਜੀਤ ਕੌਰ ਤੋਂ ਇਲਾਵਾ ਉਸ ਦੀ ਪਤਨੀ ਅਤੇ ਮਸੂਮ ਬੱਚਿਆਂ ਨੂੰ ਦਿਲਾਸਾ ਦਿੱਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਹਰੂਵਾਲ, ਅਮਨਦੀਪ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਅਰਵਿੰਦਰ ਸਿੰਘ, ਗੁਰਜੀਤ ਸਿੰਘ ਖਾਨੋਵਾਲ, ਮੱਖਣ ਸਿੰਘ, ਸਤਵਿੰਦਰ ਸਿੰਘ ਡੇਰਾ ਬਾਬਾ ਨਾਨਕ, ਯਾਦਵਿੰਦਰ ਸਿੰਘ, ਲਖਵਿੰਦਰ ਸਿੰਘ ,ਹਰਵਿੰਦਰ ਸਿੰਘ, ਸਵਿੰਦਰ ਸਿੰਘ ਘੁੰਮਾਣ, ਰਘਬੀਰ ਸਿੰਘ ਜੌੜਾ, ਸਤਬੀਰ ਸਿੰਘ ਕਾਹਲੋਂ ਆਦਿ ਹਾਜ਼ਰ ਸਨ।