ਮਨੁੱਖਤਾ ਦੀ ਸੇਵਾ ਮਿਸ਼ਨ ਤਹਿਤ ਚੈਰੀਟੇਬਲ ਲੈਬਾਰਟਰੀ ਦਾ ਕੀਤਾ ਉਦਘਾਟਨ ਮਨੁੱਖਤਾ ਦੀ ਸੇਵਾ ਮਿਸ਼ਨ ਤਹਿਤ ਚੈਰੀਟੇਬਲ ਲੈਬਾਰਟਰੀ ਦਾ ਕੀਤਾ ਉਦਘਾਟਨ
Publish Date: Sun, 22 Nov 2026 04:20 PM (IST)
Updated Date: Mon, 23 Nov 2026 04:01 AM (IST)
ਜੀਆਰਪੀ- ਸ਼ਹੀਦ ਭਗਤ ਸਿੰਘ ਗੇਟ ਨੇੜੇ ਚੈਰੀਟੇਬਲ ਲੈਬਾਰਟਰੀ ਦਾ ਉਦਘਾਟਨ ਕਰਦੇ ਹੋਏ ਕਾਮਰੇਡ ਜਗਜੀਤ ਸਿੰਘ ਗੁਰਾਇਆ ਤੇ ਸਾਬਕਾ ਸਰਪੰਚ ਓਮ ਪ੍ਰਕਾਸ਼ ਸਲਹੋਤਰਾ ਸਾਥੀਆਂ ਸਮੇਤ। ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਸ਼ਨਿਚਰਵਾਰ ਨੂੰ ਕਸਬਾ ਕਲਾਨੌਰ ਦੇ ਸ਼ਹੀਦ ਭਗਤ ਸਿੰਘ ਗੇਟ ਨੇੜੇ ਮਨੁੱਖਤਾ ਦੀ ਸੇਵਾ ਮਿਸ਼ਨ ਤਹਿਤ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਖੋਲ੍ਹੀ ਗਈ ਚੈਰੀਟੇਬਲ ਲੈਬਾਰਟਰੀ ਦਾ ਉਦਘਾਟਨ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਕਾਮਰੇਡ ਜਗਜੀਤ ਸਿੰਘ ਗੁਰਾਇਆ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਤੇ ਕਸਬਾ ਕਲਾਨੌਰ ਦੇ ਸਾਬਕਾ ਸਰਪੰਚ ਓਮ ਪ੍ਰਕਾਸ਼ ਸਲਹੋਤਰਾ ਵੀ ਹਾਜ਼ਰ ਸਨ। ਇਸ ਚੈਰੀਟੇਬਲ ਲੈਬਾਰਟਰੀ ਦਾ ਉਦਘਾਟਨ ਕਰਨ ਮੌਕੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਾਮਰੇਡ ਜਗਜੀਤ ਸਿੰਘ ਗੁਰਾਇਆ ਨੇ ਦੱਸਿਆ ਕਿ ਕਸਬਾ ਕਲਾਨੌਰ ਅਤੇ ਬਾਰਡਰ ਏਰੀਏ ਦੇ ਪਿੰਡਾਂ ਦੇ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਚੈਰੀਟੇਬਲ ਲੈਬਾਰਟਰੀ ਖੋਲ੍ਹੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਜਿੱਥੇ ਮਹਿੰਗੇ ਭਾਅ ਦੇ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਟੈਸਟ ਕਰਵਾਉਣੇ ਅਤੀ ਮੁਸ਼ਕਲ ਸਨ, ਉੱਥੇ ਇਸ ਚੈਰੀਟੇਬਲ ਲੈਬਾਰਟਰੀ ’ਚ 75 ਫ਼ੀਸਦੀ ਕਟੌਤੀ ਤੇ ਮਾਮੂਲੀ ਪੈਸਿਆਂ ਵਿੱਚ ਮਰੀਜ਼ਾਂ ਦੇ ਟੈਸਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ’ਚ 200 ਤੋਂ ਵੱਧ ਚੈਰੀਟੇਬਲ ਲੈਬਾਰਟਰੀਆਂ ਖੋਲ੍ਹੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਚੈਰੀਟੇਬਲ ਲੈਬਾਰਟਰੀ ਬਾਰਡਰ ਏਰੀਏ ਦੇ ਪਛੜੇ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਲੈਬਾਰਟਰੀ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਰਹੇ ਸਾਬਕਾ ਪੰਚ ਨਿਰਮਲ ਸਿੰਘ ਵੱਲੋਂ ਆਪਣੀ ਦੁਕਾਨ ਸੇਵਾ ਵਜੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਚੈਰੀਟੇਬਲ ਲੈਬਾਰਟਰੀ ਖੋਲ੍ਹਣ ਲਈ ਪਿਛਲੇ ਸਮੇਂ ਤੋਂ ਜੱਦੋਜਹਿਦ ਕੀਤੀ ਜਾ ਰਹੀ ਸੀ। ਇਸ ਮੌਕੇ ਸਾਬਕਾ ਸਰਪੰਚ ਓਮ ਪ੍ਰਕਾਸ਼ ਸਲਹੋਤਰਾ ਨੇ ਕਿਹਾ ਕਿ ਸਮਾਜ ਸੇਵਕ ਕਾਮਰੇਡ ਜਗਜੀਤ ਸਿੰਘ ਗੁਰਾਇਆ ਵੱਲੋਂ ਹਮੇਸ਼ਾ ਹੀ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦਿੱਤੀ ਹੈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋ, ਉੱਘੇ ਕਵੀ ਸਟੇਟ ਐਵਾਰਡੀ ਗੁਰਮੀਤ ਸਿੰਘ ਬਾਜਵਾ, ਗੁਰਜੀਤ ਸਿੰਘ ਬਲਾਰੀਆ, ਹਰਜੀਤ ਸਿੰਘ ਸਰਪੰਚ, ਗੁਰਵਿੰਦਰ ਸਿੰਘ ਗੁਰਾਇਆ, ਕੁਲਵਿੰਦਰ ਸਿੰਘ ਆੜ੍ਹਤੀ, ਸਰਬਜੀਤ ਕੌਰ ਆਦਿ ਹਾਜ਼ਰ ਸਨ।