ਡਰੱਗ ਹਾਟਸਪਾਟ ਇਲਾਕਿਆਂ ਵਿੱਚ ਲੱਗਣਗੇ ਸੀਸੀਟੀਵੀ ਕੈਮਰੇ, ਕਸਰਤ ਲਈ ਬਣਨਗੇ ਓਪਨ ਜਿਮ ਡਰੱਗ ਹਾਟਸਪਾਟ ਇਲਾਕਿਆਂ ਵਿੱਚ ਲੱਗਣਗੇ ਸੀਸੀਟੀਵੀ ਕੈਮਰੇ, ਕਸਰਤ ਲਈ ਬਣਨਗੇ ਓਪਨ ਜਿਮ
Publish Date: Wed, 14 Oct 2026 04:15 PM (IST)
Updated Date: Wed, 14 Oct 2026 04:18 PM (IST)
--ਡੀਸੀ ਦੀ ਯੁੱਧ ਨਸ਼ੇ ਦੇ ਵਿਰੁੱਧ ਅਭਿਆਨ ਤਹਿਤ ਪੁਲਿਸ ਅਧਿਕਾਰੀਆਂ ਨਾਲ ਬੈਠਕ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਨਸ਼ੇ ਦੇ ਹਾਟਸਪਾਟ ਇਲਾਕਿਆਂ ਦਾ ਪਲਾਨ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਥਾਨਾਂ ਤੇ ਜਿੱਥੇ ਨੌਜਵਾਨਾਂ ਲਈ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉੱਥੇ ਲਾਈਟਾਂ, ਪਾਰਕ, ਕਸਰਤ ਲਈ ਓਪਨ ਜਿਮ ਵੀ ਬਣਨਗੇ। ਇਨ੍ਹਾਂ ਇਲਾਕਿਆਂ ਵਿੱਚ ਹਰ ਗਤੀਵਿਧੀ ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਇੰਸਟਾਲ ਕੀਤੇ ਜਾਣਗੇ। ਇਸ ਨੂੰ ਲੈ ਕੇ ਡੀਸੀ ਆਦਿਤਿਆ ਉੱਪਲ ਨੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੂੰ ਅਜਿਹੇ ਹਾਟਸਪਾਟ ਇਲਾਕਿਆਂ ਨੂੰ ਚੁਣਨ ਲਈ ਕਿਹਾ ਗਿਆ ਹੈ। ਡੀਸੀ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ੇ ਦੇ ਵਿਰੁੱਧ ਅਭਿਆਨ ਤਹਿਤ ਨਸ਼ੇ ਦੇ ਖਾਤਮੇ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਨੂੰ ਲੈ ਕੇ ਮਹੱਤਵਪੂਰਨ ਬੈਠਕ ਕੀਤੀ। ਇਸ ਮੌਕੇ ਡਾ. ਮਹਿਤਾਬ ਸਿੰਘ, ਐੱਸਐੱਸਪੀ ਬਟਾਲਾ, ਏਡੀਸੀ ਜਨਰਲ ਗੁਰਸਿਮਰਨ ਸਿੰਘ ਢਿੱਲੋਂ, ਏਡੀਸੀ ਵਿਕਾਸ ਗੁਰਪ੍ਰੀਤ ਸਿੰਘ ਗਿੱਲ, ਡਾ. ਅਰਸ਼ਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਯੁੱਧ ਨਸ਼ੇ ਦੇ ਵਿਰੁੱਧ ਅਤੇ ਅਨਮੋਲ ਰੰਧਾਵਾ ਵਾਈਸ ਕੋਆਰਡੀਨੇਟਰ ਮੌਜੂਦ ਸਨ। --ਨਸ਼ੇ ਦੇ ਖਾਤਮੇ ਲਈ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਤੇਜ਼-- ਬੈਠਕ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਤੋਂ ਨਸ਼ਿਆਂ ਦੇ ਖਾਤਮੇ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ੇ ਤੇ ਰੋਕ ਲਗਾਉਣ ਲਈ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐੱਸਡੀਐੱਮ ਅਤੇ ਡੀਐੱਸਪੀ ਆਪਸੀ ਤਾਲਮੇਲ ਨਾਲ ਡਰੱਗ ਹਾਟਸਪਾਟ ਸਥਾਨਾਂ ਤੇ ਸਖ਼ਤ ਨਿਗਰਾਨੀ ਰੱਖਣ। ਅਧਿਕਾਰੀ ਨਸ਼ੇ ਦੇ ਖਾਤਮੇ ਲਈ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੇ ਵਿਚਾਰ ਵੀ ਲੈਣ। ਜੇਕਰ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਕੋਈ ਖਾਲੀ ਬਿਲਡਿੰਗ ਜਾਂ ਸਥਾਨ ਨਸ਼ੇ ਦਾ ਅੱਡਾ ਬਣਿਆ ਹੋਇਆ ਹੈ ਤਾਂ ਉਸਦੇ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ। ਇਸ ਲਈ ਸੰਬੰਧਿਤ ਬੀਡੀਪੀਓ ਨਾਲ ਤਾਲਮੇਲ ਕਰ ਕੇ ਕਾਰਵਾਈ ਕੀਤੀ ਜਾਵੇ। ਐੱਸਐੱਸਪੀ ਗੁਰਦਾਸਪੁਰ ਅਤੇ ਬਟਾਲਾ ਨੇ ਕਿਹਾ ਕਿ ਵੀਡੀਸੀ ਦੇ ਮੈਂਬਰਾਂ ਵੱਲੋਂ ਦਿੱਤੇ ਜਾਣ ਵਾਲੇ ਫੀਡਬੈਕ ਤੇ ਜ਼ਰੂਰੀ ਕਾਰਵਾਈ ਕਰਨਾ ਯਕੀਨੀ ਬਣਾਇਆ ਜਾਵੇ, ਤਾਂ ਜੋ ਸਮਾਜਿਕ ਬੁਰਾਈ ਨਸ਼ੇ ਨੂੰ ਜੜ੍ਹਾਂ ਤੋਂ ਖਤਮ ਕੀਤਾ ਜਾ ਸਕੇ। --551 ਦਿਨ ਪੂਰੇ, 76 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ-- ਇਸ ਮੌਕੇ ਡਾ. ਅਰਸ਼ਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਨੇ ਕਿਹਾ ਕਿ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਦੇ 551 ਦਿਨ ਪੂਰੇ ਹੋ ਗਏ ਹਨ ਅਤੇ ਇਨ੍ਹਾਂ ਦਿਨਾਂ ਦੌਰਾਨ 76 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਦਾ ਆਪਣਾ ਦ੍ਰਿੜ੍ਹ ਸੰਕਲਪ ਦਿਖਾਇਆ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਮੋਰਚੇ ਦੀਆਂ ਟੀਮਾਂ ਪਿੰਡ-ਪਿੰਡ ਅਤੇ ਵਾਰਡ-ਵਾਰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਇਸ ਮੌਕੇ ਕੁਲਦੀਪ ਚੰਦ ਸਹਾਇਕ ਕਮਿਸ਼ਨਰ (ਜ), ਐੱਸਪੀ (ਡੀ) ਗੁਰਦਾਸਪੁਰ ਡੀਕੇ ਚੌਧਰੀ, ਐੱਸਪੀ (ਐਚ) ਬਟਾਲਾ ਖੁਸ਼ਬੀਰ ਕੌਰ, ਐੱਸਪੀ (ਡੀ) ਬਟਾਲਾ ਨਵਜੋਤ ਸਿੰਘ, ਅਸ਼ੋਕ ਕੁਮਾਰ ਐੱਸਡੀਐੱਮ ਗੁਰਦਾਸਪੁਰ, ਲਛਮਣ ਸਿੰਘ ਐੱਸਡੀਐੱਮ ਡੇਰਾ ਬਾਬਾ ਨਾਨਕ, ਸਾਰੰਗਪ੍ਰੀਤ ਸਿੰਘ ਔਜਲਾ ਐੱਸਡੀਐੱਮ ਬਟਾਲਾ, ਗਗਨਦੀਪ ਸਿੰਘ ਐੱਸਡੀਐੱਮ ਦੀਨਾਨਗਰ, ਸੁਖਜਿੰਦਰ ਸਿੰਘ ਟਿਵਾਣਾ ਐੱਸਡੀਐੱਮ ਫਤਿਹਗੜ੍ਹ ਚੂੜੀਆਂ, ਹਰਪ੍ਰੀਤ ਸਿੰਘ ਡੀਡੀਪੀਓ ਆਦਿ ਮੌਜੂਦ ਸਨ।