- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੁੱਡਸਟਾਕ ਸਕੂਲ ਵਿਖੇ "ਤਣਾਅ ਪ੍ਰਬੰਧਨ" ਵਿਸ਼ੇ 'ਤੇ ਸੀਬੀਐੱਸਈ ਟ੍ਰੇਨਿੰਗ ਪ੍ਰੋਗਰਾਮ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਵੁੱਡਸਟਾਕ ਪਬਲਿਕ ਸਕੂਲ, ਬਟਾਲਾ ਵਿਖੇ ਸੀਬੀਐੱਸਈ ਵੱਲੋਂ ਅਧਿਆਪਕਾਂ ਲਈ ਇੱਕ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਵਿਸ਼ਾ ‘ਸਟਰੈੱਸ ਮੈਨੇਜਮੈਂਟ’ (ਤਣਾਅ ਪ੍ਰਬੰਧਨ) ਰੱਖਿਆ ਗਿਆ ਸੀ, ਜਿਸ ਵਿੱਚ ਵੱਖ-ਵੱਖ ਸਕੂਲਾਂ ਤੋਂ ਆਏ 61 ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ ਰੋਜ਼ਾਨਾ ਜ਼ਿੰਦਗੀ ਅਤੇ ਅਧਿਆਪਨ ਦੇ ਖੇਤਰ ਵਿੱਚ ਪੈਦਾ ਹੋਣ ਵਾਲੇ ਤਣਾਅ ਦੇ ਮੁੱਖ ਕਾਰਨਾਂ, ਇਸ ਦੇ ਮਾਨਸਿਕ ਤੇ ਸਰੀਰਕ ਪ੍ਰਭਾਵਾਂ ਅਤੇ ਤਣਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਦੀਆਂ ਵੱਖ-ਵੱਖ ਰਣਨੀਤੀਆਂ ਤੇ ਵਿਹਾਰਕ ਤਰੀਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਬਤੌਰ ਰਿਸੋਰਸ ਪਰਸਨ (ਮਾਹਿਰ) ਵਿਨੀਤਾ ਮਹਾਜਨ (ਪ੍ਰਿੰਸੀਪਲ ਔਕਲੈਂਡ ਪਬਲਿਕ ਸਕੂਲ ਤੇੜਤੀ ਜ਼ਿਲ੍ਹਾ ਗੁਰਦਾਸਪੁਰ) ਅਤੇ ਵਾਨੀ ਸ਼ਰਮਾ (ਪੀਜੀਟੀ ਪੁਲਿਸ ਡੀਏਵੀ ਪਬਲਿਕ ਸਕੂਲ ਜਲੰਧਰ ਕੈਂਟ) ਸ਼ਾਮਲ ਹੋਏ। ਉਨ੍ਹਾਂ ਨੇ ਬਹੁਤ ਹੀ ਪ੍ਰਭਾਵਸ਼ਾਲੀ, ਰੋਚਕ ਅਤੇ ਜਾਣਕਾਰੀ ਭਰਪੂਰ ਸੈਸ਼ਨ ਦਾ ਸੰਚਾਲਨ ਕੀਤਾ ਅਤੇ ਅਧਿਆਪਕਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਸਕੂਲ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਜਰ ਅਤੇ ਡਾਇਰੈਕਟਰ ਐਕਡਮਿਕਸ ਵਸੁਧਾ ਸ਼ਰਮਾ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਅਧਿਆਪਕਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਕੂਲਾਂ ਵਿੱਚ ਤਣਾਅ-ਮੁਕਤ ਅਤੇ ਸਕਾਰਾਤਮਕ ਵਾਤਾਵਰਣ ਸਿਰਜਣਾ ਬੇਹੱਦ ਜ਼ਰੂਰੀ ਹੈ। ਸਮੂਹ ਹਾਜ਼ਰ ਅਧਿਆਪਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।