ਕਰੀਅਰ ਗਾਈਡੈਂਸ ਕੌਂਸਲਿੰਗ ਸੈਮੀਨਾਰ ਕਰਵਾਇਆ ਸੁਖਜਿੰਦਰ ਮੈਮੋਰੀਅਲ ਸਕੂਲ ਵਿਖੇ ਕਰੀਅਰ ਗਾਈਡੈਂਸ ਕੌਂਸਲਿੰਗ ਸੈਮੀਨਾਰ ਦਾ ਆਯੋਜਨ
Publish Date: Mon, 05 Oct 2026 05:13 PM (IST)
Updated Date: Mon, 05 Oct 2026 05:14 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਗੁਰਦਾਸਪੁਰ ਵਿਖੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਅਤੇ ਕਰੀਅਰ ਦੀ ਸਹੀ ਚੋਣ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਕਰੀਅਰ ਗਾਈਡੈਂਸ ਕੌਂਸਲਿੰਗ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਪ੍ਰਿੰਸੀਪਲ ਜਤਿੰਦਰ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਸੈਮੀਨਾਰ ’ਚ ਵਿਸ਼ੇਸ਼ ਬੁਲਾਰੇ ਵਜੋਂ ਵਿਪਨ ਸ਼ਰਮਾ ਨੇ ਸ਼ਿਰਕਤ ਕੀਤੀ। ਉਹ ਪ੍ਰਸਿੱਧ ਕ੍ਰਿਤ੍ਰਿਮ ਬੁੱਧੀ (ਏਆਈ) ਪ੍ਰਸ਼ਿਕਸ਼ਕ, ਭੌਤਿਕ ਵਿਗਿਆਨ ਅਤੇ ਗਣਿਤ ਦੇ ਅਧਿਆਪਕ, ਪ੍ਰੇਰਣਾਦਾਇਕ ਬੁਲਾਰੇ ਅਤੇ ਪਟਿਆਲਾ ਸਥਿਤ ਸਕੂਲ ਆਫ਼ ਸਾਇੰਸ ਦੇ ਨਿਰਦੇਸ਼ਕ ਹਨ। ਵਿਪਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰੀਅਰ ਦੀ ਚੋਣ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਫੈਸਲਿਆਂ ’ਚੋਂ ਇੱਕ ਹੈ। ਇਸ ਲਈ ਵਿਦਿਆਰਥੀਆਂ ਨੂੰ ਸਿਰਫ਼ ਦੂਜਿਆਂ ਦੀ ਦੇਖਾ-ਦੇਖੀ ਜਾਂ ਸਮਾਜਿਕ ਰੁਝਾਨ ਦੇ ਆਧਾਰ ’ਤੇ ਕਰੀਅਰ ਨਹੀਂ ਚੁਣਨਾ ਚਾਹੀਦਾ, ਸਗੋਂ ਆਪਣੀ ਰੁਚੀ, ਯੋਗਤਾ, ਪ੍ਰਤਿਭਾ, ਹੁਨਰ ਅਤੇ ਭਵਿੱਖ ਦੇ ਟੀਚਿਆਂ ਨੂੰ ਧਿਆਨ ’ਚ ਰੱਖ ਕੇ ਫੈਸਲਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਲੋਚਨਾਤਮਕ ਸੋਚ, ਸਮੱਸਿਆ ਹੱਲ ਕਰਨ ਦੀ ਯੋਗਤਾ, ਸੰਚਾਰ ਦੇ ਹੁਨਰ, ਤਕਨੀਕੀ ਗਿਆਨ, ਆਤਮ-ਵਿਸ਼ਵਾਸ, ਸਮੇਂ ਦੀ ਸਹੀ ਵਰਤੋਂ ਅਤੇ ਨਿਰੰਤਰ ਮਿਹਨਤ ਨੂੰ ਸਫਲਤਾ ਦੀਆਂ ਮੁੱਖ ਕੁੰਜੀਆਂ ਦੱਸਿਆ। ਇਸ ਮੌਕੇ ਚੇਅਰਪਰਸਨ ਦਲਜੀਤ ਕੌਰ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਆਪਣੇ ਭਵਿੱਖ ਅਤੇ ਕਰੀਅਰ ਸਬੰਧੀ ਸਹੀ ਮਾਰਗਦਰਸ਼ਨ ਮਿਲਣਾ ਵੀ ਬਹੁਤ ਜ਼ਰੂਰੀ ਹੈ। ਮੈਨੇਜਿੰਗ ਡਾਇਰੈਕਟਰ ਜੈਦੀਪ ਸਿੰਘ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਯੁੱਗ ’ਚ ਕਰੀਅਰ ਦੀਆਂ ਸੰਭਾਵਨਾਵਾਂ ਬਹੁਤ ਵਿਸ਼ਾਲ ਹੋ ਚੁੱਕੀਆਂ ਹਨ। ਇਸ ਲਈ ਵਿਦਿਆਰਥੀਆਂ ਲਈ ਸਮੇਂ ਸਿਰ ਸਹੀ ਜਾਣਕਾਰੀ ਅਤੇ ਯੋਗ ਮਾਰਗਦਰਸ਼ਨ ਪ੍ਰਾਪਤ ਕਰਨਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਰਾਹੀਂ ਵਿਦਿਆਰਥੀਆਂ ’ਚ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਉਹ ਆਪਣੇ ਭਵਿੱਖ ਸਬੰਧੀ ਵਧੇਰੇ ਸਪਸ਼ਟ ਅਤੇ ਸੋਚ-ਵਿਚਾਰ ਵਾਲੇ ਫੈਸਲੇ ਲੈ ਸਕਦੇ ਹਨ।