ਕਾਰ ਦਾ ਟਾਇਰ ਫਟਣ ਨਾਲ ਪਲਟੀ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਚਾਰ ਜ਼ਖ਼ਮੀ, ਦੋ ਦੀ ਹਾਲਤ ਗੰਭੀਰ ਕਾਰ ਦਾ ਟਾਇਰ ਫਟਣ ਨਾਲ ਪਲਟੀ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਚਾਰ ਜ਼ਖ਼ਮੀ, ਦੋ ਦੀ ਹਾਲਤ ਗੰਭੀਰ
Publish Date: Mon, 17 Aug 2026 09:11 PM (IST)
Updated Date: Mon, 17 Aug 2026 09:12 PM (IST)
ਪਲਵਿੰਦਰ ਸਿੰਘ, ਪੰਜਾਬੀ ਜਾਗਰਣ ਗੁਰਦਾਸਪੁਰ: ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਪਿੰਡ ਮਧੋਵਾਲ ਨੇੜੇ ਇੱਕ ਕਾਰ ਦਾ ਟਾਇਰ ਅਚਾਨਕ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਪਲਟੀਆਂ ਖਾਂਦੀ ਕਾਰ ਨੇ ਸਾਹਮਣੇ ਆ ਰਹੇ ਮੋਟਰਸਾਈਕਲ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਨਾਲ ਕੁੱਲ ਚਾਰ ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਦੋ ਵਿਅਕਤੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ ਬਸ਼ੀਰ ਅਹਿਮਦ ਵਾਸੀ ਜੰਮੂ ਆਪਣੇ ਸਾਥੀ ਸਮੇਤ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਉਸੇ ਸਮੇਂ ਮੋਟਰਸਾਈਕਲ ’ਤੇ ਪਤੀ-ਪਤਨੀ ਅਮਰੀਕ ਸਿੰਘ ਅਤੇ ਰਵਿੰਦਰ ਕੌਰ ਵਾਸੀ ਪਿੰਡ ਮਧੋਵਾਲ ਆਪਣੇ ਪਿੰਡ ਵੱਲ ਜਾ ਰਹੇ ਸਨ। ਅਚਾਨਕ ਕਾਰ ਦਾ ਟਾਇਰ ਫਟ ਗਿਆ ਜਿਸ ਕਾਰਨ ਕਾਰ ਬੇਕਾਬੂ ਹੋ ਕੇ ਪਲਟ ਗਈ ਅਤੇ ਸਿੱਧਾ ਮੋਟਰਸਾਈਕਲ ਨਾਲ ਟਕਰਾ ਗਈ ਜਿਸ ਕਾਰਨ ਬਾਈਕ ਸਵਾਰ ਪਤੀ-ਪਤਨੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਅਤੇ ਮੋਟਰਸਾਈਕਲ ਸੜਕ ਤੋਂ ਡਿੱਗ ਕੇ ਨਾਲ ਝਾੜੀਆਂ ’ਚ ਜਾ ਵੜੇ ਤੇ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਰਾਹਗੀਰਾਂ ਵੱਲੋਂ ਤੁਰੰਤ ਸੜਕ ਸੁਰੱਖਿਆ ਫੋਰਸ ਨੂੰ ਸੂਚਨਾ ਦਿੱਤੀ ਗਈ। ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਇਰਲੈੱਸ ਰਾਹੀਂ ਐਕਸੀਡੈਂਟ ਦੀ ਸੂਚਨਾ ਮਿਲੀ। ਉਹ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਗੁਰਦਾਸਪੁਰ ਸਿਵਲ ਹਸਪਤਾਲ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰ ਅਮਰੀਕ ਸਿੰਘ ਅਤੇ ਰਵਿੰਦਰ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਕਾਰ ਸਵਾਰ ਬਸ਼ੀਰ ਅਹਿਮਦ ਅਤੇ ਉਸਦੇ ਸਾਥੀ ਨੂੰ ਸੱਟਾਂ ਲੱਗੀਆਂ ਹਨ।