ਸ਼ਹੀਦਾਂ ਦੀ ਯਾਦ ’ਚ ਕੈਂਡਲ ਮਾਰਚ 3 ਨੂੰ ਚੰਡੀਗੜ੍ਹ ’ਚ : ਹਰਭਜਨ ਵੈਰੋਨੰਗਲ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਯਾਦ ਵਿੱਚ ਕੈਂਡਲ ਮਾਰਚ 3 ਨੂੰ ਚੰਡੀਗੜ੍ਹ ’ਚ : ਹਰਭਜਨ ਵੈਰੋਨੰਗਲ
Publish Date: Thu, 01 Oct 2026 04:05 PM (IST)
Updated Date: Thu, 01 Oct 2026 04:07 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਅਚਲ ਸਾਹਿਬ ਦੀ ਮੀਟਿੰਗ ਜ਼ੋਨ ਪ੍ਰਧਾਨ ਡਾ. ਹਰਦੀਪ ਸਿੰਘ ਮਹਿਤਾ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਵੈਰੋ ਨੰਗਲ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਹਰਭਜਨ ਸਿੰਘ ਵੈਰੋਨੰਗਲ ਨੇ ਕਿਹਾ ਕਿ ਲਖੀਮਪੁਰ ਖੀਰੀ ਘਟਨਾ ’ਚ ਮਾਰੇ ਗਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਜਥੇਬੰਦੀ ਵੱਲੋਂ ਲਗਾਤਾਰ ਆਵਾਜ਼ ਉਠਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਮੰਗ ਨੂੰ ਲੈ ਕੇ 3 ਅਕਤੂਬਰ ਨੂੰ ਚੰਡੀਗੜ੍ਹ ’ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸ਼ਹੀਦਾਂ ਨੂੰ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਵੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 24 ਸਤੰਬਰ ਨੂੰ ਸਰਕਾਰ ਨਾਲ ਹੋਈ ਮੀਟਿੰਗ ’ਚ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਲਈ ਸਰਕਾਰ ਵੱਲੋਂ 15 ਅਕਤੂਬਰ ਤੱਕ ਦਾ ਸਮਾਂ ਲਿਆ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਮੀਟਿੰਗ ਦੌਰਾਨ ਝੋਨੇ ਦੀ ਸਰਕਾਰੀ ਖਰੀਦ ਦਾ ਮੁੱਦਾ ਵੀ ਵਿਚਾਰਿਆ ਗਿਆ। ਮੀਟਿੰਗ ’ਚ ਡਾ. ਹਰਦੀਪ ਸਿੰਘ ਮਹਿਤਾ, ਨਰਿੰਦਰ ਸਿੰਘ, ਬਲਜੀਤ ਸਿੰਘ ਰੰਗੜ ਨੰਗਲ, ਮੇਜਰ ਸਿੰਘ ਸੇਖਵਾਂ, ਗੁਰਦਿਆਲ ਸਿੰਘ, ਸੁਰਜੀਤ ਯਾਦਪੁਰ, ਰਾਮਜੀਤ ਸਿੰਘ, ਬਾਪੂ ਸਿਮਰਜੀਤ ਸਿੰਘ, ਬੀਬੀ ਮਨਜੀਤ ਕੌਰ, ਲਖਵਿੰਦਰ ਸਿੰਘ, ਚਾਨਣ ਸਿੰਘ, ਪਾਲ ਸਿੰਘ ਅੰਮੋ ਨੰਗਲ, ਸੰਤੋਖ ਸਿੰਘ ਨਾਨਕ ਨੰਗਲ, ਕੁਲਬੀਰ ਸਿੰਘ, ਸ਼ਿਵ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਸਰਬਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰ ਅਤੇ ਬੀਬੀਆਂ ਹਾਜ਼ਰ ਸਨ।