- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਸ਼ਿੰਗਾਰਮਾ ਪੁੱਲ ਦਾ ਨੀਂਹ ਪੱਥਰ ਰੱਖਿਆ

ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ
ਤਾਰਾਗੜ੍ਹ: ਵਿਧਾਨ ਸਭਾ ਹਲਕਾ ਭੋਆ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਵੱਲੋਂ ਪਿੰਡ ਕੋਲੀਆਂ ਦੇ ਨਜ਼ਦੀਕ ਸ਼ਿੰਗਾਰਮਾ ਪੁਲ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ, ਪੰਚਾਇਤੀ ਨੁਮਾਇੰਦੇ ਅਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਲਾਕਾ ਵਾਸੀਆਂ ਵੱਲੋਂ ਸ਼ਿੰਗਾਰਮਾ ਵਿਖੇ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਭੋਆ ਵਿੱਚ ਤਿੰਨ ਨਵੇਂ ਪੁਲਾਂ ਨੂੰ ਮਨਜ਼ੂਰੀ ਮਿਲੀ ਹੈ, ਜਿਨ੍ਹਾਂ ’ਤੇ ਕਰੀਬ 62 ਕਰੋੜ ਰੁਪਏ ਦੀ ਲਾਗਤ ਆਵੇਗੀ। ਇਨ੍ਹਾਂ ਵਿੱਚੋਂ ਸ਼ਿੰਗਾਰਮਾ ਦੇ ਨਜ਼ਦੀਕ ਬਣਨ ਵਾਲੇ ਪੁਲ ਦਾ ਨਿਰਮਾਣ ਕਾਰਜ ਅੱਜ ਸ਼ੁਰੂ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਜਲਾਲੀਆ ਨਾਲੇ ’ਤੇ ਬਣਨ ਵਾਲੇ ਪੁਲ ਦਾ ਨਿਰਮਾਣ ਕਾਰਜ ਵੀ ਇੱਕ ਹਫ਼ਤੇ ਦੇ ਅੰਦਰ ਸ਼ੁਰੂ ਕਰਵਾਉਣ ਦੀ ਗੱਲ ਉਨ੍ਹਾਂ ਕਹੀ। ਤੀਜਾ ਪੁਲ ਘਰੋਟਾ ਦੇ ਨਜ਼ਦੀਕ ਸਾਂਭਲਾ ਵਿਖੇ ਬਣਾਇਆ ਜਾਣਾ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸ਼ਿੰਗਾਰਮਾ ਵਿਖੇ ਬਣਨ ਵਾਲਾ ਪੁਲ ਲਗਭਗ 165 ਮੀਟਰ ਲੰਬਾ ਅਤੇ 42 ਮੀਟਰ ਚੌੜਾ ਹੋਵੇਗਾ, ਜਿਸ ਦੇ ਨਿਰਮਾਣ ’ਤੇ 17 ਕਰੋੜ 82 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਹ ਪੁਲ ਰਾਵੀ ਦਰਿਆ ਦੇ ਪਾਰਲੇ ਪਾਸੇ ਵੱਸਦੇ ਕਰੀਬ 60-65 ਪਿੰਡਾਂ ਦੇ ਲੋਕਾਂ ਲਈ ਬੇਹੱਦ ਮਹੱਤਵਪੂਰਨ ਸਾਬਤ ਹੋਵੇਗਾ ਅਤੇ ਇਲਾਕੇ ਦੀ ਆਵਾਜਾਈ ਤੇ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰੇਗਾ। ਕਟਾਰੂਚੱਕ ਨੇ ਕਿਹਾ ਕਿ ਰਾਵੀ ਦਰਿਆ ਦੇ ਪਾਰਲੇ ਇਲਾਕੇ ਦੇ ਲੋਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਪਿਛਲੀਆਂ ਸਰਕਾਰਾਂ ਵੱਲੋਂ ਇਸ ਖੇਤਰ ਨੂੰ ਲੋੜੀਂਦੀ ਤਵੱਜੋ ਨਾ ਮਿਲਣ ਕਾਰਨ ਵਿਕਾਸ ਦੀ ਰਫ਼ਤਾਰ ਪ੍ਰਭਾਵਿਤ ਰਹੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਭੋਆ ਹਲਕਾ ਹੁਣ ਕਨੈਕਟੀਵਿਟੀ ਅਤੇ ਪੁਲਾਂ ਦੇ ਵਿਕਾਸ ਪੱਖੋਂ ਪੰਜਾਬ ਹੀ ਨਹੀਂ, ਸਗੋਂ ਦੇਸ਼ ਦੇ ਨਕਸ਼ੇ ’ਤੇ ਆਪਣੀ ਵਿਸ਼ੇਸ਼ ਪਛਾਣ ਬਣਾਉਣ ਵੱਲ ਵਧ ਰਿਹਾ ਹੈ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਧਰਮਪਾਲ, ਬਲਾਕ ਪ੍ਰਧਾਨ ਸੂਬੇਦਾਰ ਕੁਲਵੰਤ ਸਿੰਘ, ਸਰਪੰਚ ਬਮਿਆਲ ਮਨੀਸ਼ ਗੁਪਤਾ, ਸਰਪੰਚ ਕੋਲੀਆਂ ਰਾਜੂ, ਸਰਪੰਚ ਕੋਟ ਭੱਟੀਆਂ ਰਾਜੇਸ਼ ਠਾਕੁਰ, ਸਰਪੰਚ ਢੀਡਾ ਰਜਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਮਦਨ ਕੁਮਾਰ, ਰਾਜ ਕੁਮਾਰ, ਬਿਸ਼ਨ ਦਾਸ, ਯਸ਼ਪਾਲ ਵਰਮਾ, ਸਰਪੰਚ ਕੋਟਲੀ ਵਿਪਨ ਕੁਮਾਰ, ਸਰਪੰਚ ਕਿਲਪੁਰ ਬੋਧਰਾਜ, ਸੰਮਤੀ ਮੈਂਬਰ ਨਰੇਸ਼ ਕੁਮਾਰ, ਬਲਾਕ ਪ੍ਰਧਾਨ ਸੰਦੀਪ ਮਹਾਜਨ, ਕੌਂਸਲਰ ਕਰਮ ਚੰਦ, ਸਰਕਲ ਪ੍ਰਧਾਨ ਯਸ਼ਪਾਲ ਦਤਿਆਲ, ਸਰਪੰਚ ਮਾਖਣਪੁਰ ਮੰਗਾ ਰਾਮ, ਬਲਾਕ ਸੰਮਤੀ ਮੈਂਬਰ ਲਾਲੀਤਾ ਦੇਵੀ ਸਮੇਤ ਆਮ ਆਦਮੀ ਪਾਰਟੀ ਦੇ ਅਹੁਦੇਦਾਰ, ਵਰਕਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।