- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਮਾਨੰਦ ਅਤੇ ਕਾਨਵਾਂ ਵਿੱਚ ਆਯੂਸ਼ ਹੈਲਥ ਵੈਲਨੈੱਸ ਸੈਂਟਰਾਂ ਦਾ ਕੈਬਨਿਟ ਮੰਤਰੀ ਕਟਾਰੂਚੱਕ ਵੱਲੋਂ ਉਦਘਾਟਨ

-ਕਿਹਾ, ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦਾ ਮਿਲੇਗਾ ਹੋਰ ਵੀ ਵਧੇਰੇ ਲਾਭ
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ, ਤਾਰਾਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਪਰਮਾਨੰਦ ਅਤੇ ਕਾਨਵਾਂ ਵਿਖੇ ਨਵੇਂ ਬਣੇ ਆਯੂਸ਼ ਹੈਲਥ ਵੈਲਨੈੱਸ ਸੈਂਟਰਾਂ ਦਾ ਉਦਘਾਟਨ ਕਰਕੇ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵੱਲੋਂ ਪਿੰਡ ਘਰੋਟਾ ਵਿਖੇ ਵੀ ਬਲਾਕ ਹੈਲਥ ਯੂਨਿਟ ਦਾ ਉਦਘਾਟਨ ਕੀਤਾ ਗਿਆ ਸੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪਿੰਡ ਪਰਮਾਨੰਦ ਅਤੇ ਕਾਨਵਾਂ ਵਿਖੇ ਸਥਾਪਿਤ ਕੀਤੇ ਗਏ ਦੋਵਾਂ ਸਿਹਤ ਕੇਂਦਰਾਂ ਦੀ ਉਸਾਰੀ ’ਤੇ 27-27 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਇਹ ਸੈਂਟਰ ਇਲਾਕੇ ਦੇ ਲੋਕਾਂ ਲਈ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਵੱਡੀ ਸੌਗਾਤ ਸਾਬਤ ਹੋਣਗੇ। ਇਨ੍ਹਾਂ ਕੇਂਦਰਾਂ ਵਿੱਚ ਲੋਕਾਂ ਨੂੰ ਮੁਫ਼ਤ ਦਵਾਈਆਂ ਅਤੇ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਟੈਸਟਾਂ ਦੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ, ਜਿਸ ਨਾਲ ਲੋਕਾਂ ਨੂੰ ਆਪਣੇ ਇਲਾਜ ਲਈ ਦੂਰ-ਦੁਰਾਡੇ ਦੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਘੱਟ ਪਵੇਗੀ।
ਉਨ੍ਹਾਂ ਕਿਹਾ ਕਿ ਪਿੰਡ ਪਰਮਾਨੰਦ ਵਿਖੇ ਪਹਿਲਾਂ ਹੀ ਆਮ ਆਦਮੀ ਕਲੀਨਿਕ ਚੱਲ ਰਿਹਾ ਹੈ, ਜਿੱਥੇ ਲੋਕਾਂ ਨੂੰ ਸੈਂਕੜੇ ਕਿਸਮਾਂ ਦੀਆਂ ਦਵਾਈਆਂ ਅਤੇ ਦਰਜਨਾਂ ਤਰ੍ਹਾਂ ਦੇ ਟੈਸਟ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ। ਹੁਣ ਇਸ ਦੇ ਨਾਲ ਆਯੂਸ਼ ਹੈਲਥ ਵੈਲਨੈੱਸ ਸੈਂਟਰ ਦੀ ਸਹੂਲਤ ਵੀ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦਾ ਹੋਰ ਵਧੇਰੇ ਲਾਭ ਮਿਲੇਗਾ। ਉਨ੍ਹਾਂ ਪਰਮਾਨੰਦ, ਕਾਨਵਾਂ ਅਤੇ ਘਰੋਟਾ ਦੇ ਵਸਨੀਕਾਂ ਨੂੰ ਨਵੇਂ ਸਿਹਤ ਕੇਂਦਰਾਂ ਦੇ ਉਦਘਾਟਨ ਉਪਰੰਤ ਵਧਾਈ ਦਿੱਤੀ ਅਤੇ ਇਨ੍ਹਾਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਮੁੰਨਾ, ਐੱਸਐੱਮਓ ਘਰੋਟਾ ਡਾ. ਸੰਦੀਪ ਕੁਮਾਰ, ਸਰਪੰਚ ਪਰਮਾਨੰਦ ਕੁਲਦੀਪ ਭਟਵਾ, ਪੰਚਾਇਤ ਮੈਂਬਰ ਰਮਨ ਸਿੰਘ, ਆਤਮਾ ਰਾਮ, ਮਹਿਲਾ ਪ੍ਰਮੁੱਖ ਗੀਤਾ ਦੇਵੀ, ਕੇਵਲ ਸਿੰਘ ਨਵਾਂ ਪਿੰਡ, ਸਾਬਕਾ ਪੰਚਾਇਤ ਮੈਂਬਰ ਸਤਪਾਲ, ਆਸ਼ਾ ਰਾਣੀ, ਯੂਵਾ ਪ੍ਰਧਾਨ ਠਾਕੁਰ ਸ਼ੈਲੀ, ਕੁੰਦਨ ਸਿੰਘ, ਅਜੈਬ ਸਿੰਘ, ਕੁਲਦੀਪ ਸਿੰਘ, ਸੁਖਦੇਵ ਰਾਜ, ਡਾ. ਬਲਜਿੰਦਰ ਕੌਰ, ਡਾ. ਰਾਹੁਲ ਕੁਮਾਰ, ਡਾ. ਮਨਜੀਤ ਕੌਰ, ਡਾ. ਪ੍ਰਿਅੰਕਾ, ਡਾ. ਮੁਨੀਸ਼ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ, ਆਮ ਆਦਮੀ ਪਾਰਟੀ ਦੇ ਆਗੂ, ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।