ਕੈਬਨਿਟ ਮੰਤਰੀ ਕਟਾਰੂ ਚੱਕ ਨੇ ਸਰਹੱਦੀ ਖੇਤਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਕੈਬਨਿਟ ਮੰਤਰੀ ਕਟਾਰੂ ਚੱਕ ਨੇ ਸਰਹੱਦੀ ਖੇਤਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
Publish Date: Wed, 23 Sep 2026 04:43 PM (IST)
Updated Date: Wed, 23 Sep 2026 04:45 PM (IST)
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ੍ਹ: ਹਿੰਦ-ਪਾਕਿਸਤਾਨ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਚੱਲ ਰਹੇ ਵਿਸ਼ੇਸ਼ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਵੱਲੋਂ ਮਾਖਣਪੁਰ ਅਤੇ ਤਾਸ਼ ਖੇਤਰ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਤਾਸ਼ ਤੋਂ ਮਾਖਣਪੁਰ ਅਤੇ ਮਾਖਣਪੁਰ ਤੋਂ ਕੋਹਲਿਆ ਅੱਡੇ ਤੱਕ ਬਣਾਏ ਜਾ ਰਹੇ ਮੁੱਖ ਮਾਰਗ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਮੌਕੇ ’ਤੇ ਪਹੁੰਚ ਕੇ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਤੇ ਸਬੰਧਤ ਠੇਕੇਦਾਰ ਤੋਂ ਕੰਮ ਦੀ ਪ੍ਰਗਤੀ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਤਾਸ਼ ਤੋਂ ਮਾਖਣਪੁਰ ਅਤੇ ਮਾਖਣਪੁਰ ਤੋਂ ਕੋਹਲਿਆ ਅੱਡੇ ਤੱਕ ਬਣਾਏ ਜਾ ਰਹੇ ਮੁੱਖ ਮਾਰਗ ਦੀ ਚੌੜਾਈ ਪਹਿਲਾਂ ਕਰੀਬ 10 ਫੁੱਟ ਸੀ, ਜਿਸ ਨੂੰ ਹੁਣ ਵਧਾ ਕੇ 18 ਫੁੱਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਚੌੜਾ ਹੋਣ ਨਾਲ ਸਰਹੱਦੀ ਖੇਤਰ ਦੇ ਲੋਕਾਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਸੜਕ ਦੀ ਘੱਟ ਚੌੜਾਈ ਕਾਰਨ ਪਹਿਲਾਂ ਕਿਸਾਨਾਂ ਨੂੰ ਆਪਣੀ ਫ਼ਸਲ, ਖ਼ਾਸ ਕਰਕੇ ਗੰਨਾ ਅਤੇ ਹੋਰ ਖੇਤੀਬਾੜੀ ਉਤਪਾਦ, ਮੰਡੀਆਂ ਤੱਕ ਲਿਜਾਣ ਸਮੇਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸੜਕ ਦੀ ਚੌੜਾਈ ਵਧਣ ਨਾਲ ਆਵਾਜਾਈ ਸੁਖਾਲੀ ਹੋਵੇਗੀ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਤੱਕ ਪਹੁੰਚਾਉਣ ਵਿੱਚ ਆਸਾਨੀ ਹੋਵੇਗੀ। ਉਨ੍ਹਾਂ ਨੇ ਨਿਰਮਾਣ ਕਾਰਜ ਕਰ ਰਹੇ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਸੜਕ ਦਾ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ ਅਤੇ ਨਿਰਮਾਣ ਦੌਰਾਨ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ। ਇਸ ਮੌਕੇ ਸਰਪੰਚ ਮਾਖਣਪੁਰ ਮੰਗਾ, ਸਰਪੰਚ ਡੇਰਾ ਬਸਤੀ ਮਾਖਣਪੁਰ ਗੁਰਮੇਜ ਸਿੰਘ, ਸੂਬੇਦਾਰ ਸੋਹਣ ਮਾਖਣਪੁਰ, ਅਮਰੀਕ ਸਿੰਘ, ਲਵਲੀ ਮੰਜ਼ੀਰੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਸਥਾਨਕ ਵਸਨੀਕ ਵੀ ਹਾਜ਼ਰ ਸਨ।