ਗੁਰੂ ਨਾਨਕ ਕਾਲਜ ਬਟਾਲਾ ਵਿਖੇ ਕਰਵਾਇਆ ਬਿਜ਼ਨੈਸ ਫੈਸਟ
ਗੁਰੂ ਨਾਨਕ ਕਾਲਜ ਬਟਾਲਾ ਵਿਖੇ ਬਿਜ਼ਨਸ ਫੈਸਟ' ਕਰਵਾਇਆ
Publish Date: Sat, 28 Mar 2026 03:44 PM (IST)
Updated Date: Sun, 29 Mar 2026 03:59 AM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਗੁਰੂ ਨਾਨਕ ਕਾਲਜ ਬਟਾਲਾ ਦੇ ਕਾਮਰਸ ਵਿਭਾਗ ਵੱਲੋਂ ਕਰਵਾਇਆ ਸਾਲਾਨਾ ‘ਬਿਜ਼ਨਸ ਫੈਸਟ’ ਅਕਾਦਮਿਕ ਅਤੇ ਵਿਹਾਰਕ ਸਿੱਖਿਆ ਦਾ ਸੁਮੇਲ ਹੋ ਨਿੱਬੜਿਆ। ਇਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਆਪਣੀ ਰਚਨਾਤਮਕ ਸੋਚ ਅਤੇ ਨਵੀਨਤਮ ਕਾਰੋਬਾਰੀ ਵਿਚਾਰਾਂ ਰਾਹੀਂ ਪੂਰੇ ਕੈਂਪਸ ਵਿੱਚ ਉਤਸ਼ਾਹ ਦਾ ਮਾਹੌਲ ਸਿਰਜ ਦਿੱਤਾ। ਸਮਾਗਮ ਦਾ ਉਦਘਾਟਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਰੋਹ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਰੱਖਦੇ, ਸਗੋਂ ਉਨ੍ਹਾਂ ਨੂੰ ਭਵਿੱਖ ਦੇ ਸਫ਼ਲ ਉਦਯੋਗਪਤੀ ਬਣਨ ਲਈ ਪ੍ਰੈਕਟੀਕਲ ਮੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਦੌਰ ਵਿੱਚ ਨਵੀਨਤਾ ਹੀ ਸਫ਼ਲਤਾ ਦੀ ਕੁੰਜੀ ਹੈ। ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਰਾਜਬੀਰ ਕੌਰ ਨੇ ਦੱਸਿਆ ਕਿ ਇਸ ਫੈਸਟ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਪ੍ਰਬੰਧਕੀ ਹੁਨਰ ਅਤੇ ਆਤਮ-ਵਿਸ਼ਵਾਸ ਪੈਦਾ ਕਰਨਾ ਹੈ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਟਾਰਟਅੱਪ ਮਾਡਲਾਂ ਅਤੇ ਪ੍ਰਦਰਸ਼ਨੀਆਂ ਦੇ ਸਟਾਲ ਲਗਾਏ ਗਏ, ਜੋ ਖਿੱਚ ਦਾ ਕੇਂਦਰ ਰਹੇ। ਵਿਦਿਆਰਥੀਆਂ ਨੇ ਟੀਮ ਵਰਕ ਅਤੇ ਬਿਹਤਰ ਕਾਰੋਬਾਰੀ ਸਮਝ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਇਕਨਾਮਿਕਸ ਵਿਭਾਗ ਦੇ ਪ੍ਰੋ. ਅਮਨਦੀਪ ਕੌਰ ਅਤੇ ਪ੍ਰੋ. ਸ਼ੁਭਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸਮਾਗਮ ਵਿੱਚ ਸਮੂਹ ਸਟਾਫ਼ ਅਤੇ ਭਾਰੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ। ਅੰਤ ਵਿੱਚ ਵਿਭਾਗ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਗਈ।