ਬੇਕਾਬੂ ਬੱਸ ਦੀ ਕੰਧ ਨਾਲ ਹੋਈ ਟੱਕਰ, ਅੱਧੀ ਦਰਜਨ ਯਾਤਰੀ ਜ਼ਖ਼ਮੀ ਦੀਨਾਨਗਰ ਵਿੱਚ ਬੱਸ ਹਾਦਸਾ, ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕੰਧ ਵਿੱਚ ਵੱਜੀ ਬੱਸ, ਅੱਧੀ ਦਰਜਨ ਯਾਤਰੀ ਜ਼ਖਮੀ
Publish Date: Tue, 17 Nov 2026 06:43 PM (IST)
Updated Date: Tue, 17 Nov 2026 06:45 PM (IST)
ਆਕਾਸ਼, ਪੰਜਾਬੀ ਜਾਗਰਣ ਦੀਨਾਨਗਰ : ਦੇਰ ਰਾਤ ਪਠਾਨਕੋਟ ਜਾ ਰਹੀ ਇੱਕ ਤੇਜ਼ ਰਫਤਾਰ ਬੱਸ ਦੀਨਾਨਗਰ ਦੇ ਤਾਰਾਗੜ੍ਹ ਮੋੜ ਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਹੀਰੋ ਹਾਂਡਾ ਏਜੰਸੀ ਦੇ ਸ਼ੋਰੂਮ ਵਿਚ ਜਾ ਵੱਜੀ ਜਿਸ ਨਾਲ ਅੱਧੀ ਦਰਜ਼ਨ ਸਵਾਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਹ ਬੱਸ ਨਿੱਜੀ ਕੰਪਨੀ ਦੀ ਸੀ ਅਤੇ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਸੀ। ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿ। ਆਸ-ਪਾਸ ਦੇ ਲੋਕ ਤੁਰੰਤ ਮਦਦ ਲਈ ਪਹੁੰਚੇ ਅਤੇ ਜ਼ਖਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਉਣ ਵਿੱਚ ਸਹਾਇਤਾ ਕੀਤੀ। ਇਸ ਦੌਰਾਨ ਬੱਸ ਵਿੱਚ ਸਵਾਰ ਯਾਤਰੀਆਂ ਨੇ ਡਰਾਈਵਰ ਦੀ ਲਾਪਰਵਾਹੀ ਨੂੰ ਹਾਦਸੇ ਦਾ ਕਾਰਨ ਦੱਸਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਵੱਲੋਂ ਵਾਰ-ਵਾਰ ਚੇਤਾਵਨੀ ਦੇਣ ਦੇ ਬਾਵਜੂਦ ਡਰਾਈਵਰ ਨੇ ਬੱਸ ਦੀ ਰਫ਼ਤਾਰ ਅਤੇ ਕੰਟਰੋਲ ਵੱਲ ਧਿਆਨ ਨਹੀਂ ਦਿੱਤਾ। ਜ਼ਖਮੀ ਹੋਏ ਇੱਕ ਯਾਤਰੀ ਅਕਸ਼ੈ ਮਹਾਜਨ ਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਪਠਾਨਕੋਟ ਜਾਣ ਲਈ ਬੱਸ ਵਿਚ ਬੈਠਾ ਸੀ। ਦੀਨਾਨਗਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਪੈਟਰੋਲ ਪੰਪ ਨੇੜੇ ਬੱਸ ਦਾ ਡਰਾਈਵਰ ਬਦਲਿਆ ਗਿਆ ਸੀ। ਦੀਨਾਨਗਰ ਬੱਸ ਸਟੈਂਡ ਤੋਂ ਰਵਾਨਾ ਹੀਂ ਬਾਅਦ ਡਰਾਈਵਰ ਨੇ ਬੱਸ ਨੂੰ ਤੇਜ਼ੀ ਨਾਲ ਚਲਾਇਆ ਅਤੇ ਤਾਰਾਗੜ੍ਹ ਮੋੜ ਤੇ ਵੱਸ ਬੇਕਾਬੂ ਹੋ ਗਈ। ਡਿਵਾਈਡਰ ਨਾਲ ਟਕਰਾਉਣ ਉਹ ਸ਼ੋਰੂਮ ਵਿਚ ਜਾ ਵੱਜੀ। ਉਸ ਦੇ ਬਿੱਲਕੁਲ ਨਾਲ ਹੀ ਟਰਾਂਸਫਾਰਮਰ ਸੀ। ਜੇਕਰ ਬੱਸ ਟਰਾਂਸਫਾਰਮਰ ਨਾਲ ਵੱਜਦੀ ਤਾਂ ਬੱਸ ਨੂੰ ਅੱਗ ਵੀ ਲੱਗਾ ਸਕਦੀ ਸੀ। ਹਾਦਸੇ ਵਿਚ 6-7 ਸਵਾਰੀਆਂ ਨੂੰ ਸੱਟਾਂ ਆਈਆਂ ਪਰ ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹੈਰਾਨੀ ਦੀ ਗੱਲ ਇਹ ਰਹੀ ਕਿ ਪੁਲਿਸ ਤਾਂ ਮੌਕੇ ’ਤੇ ਪਹੁੰਚ ਗਈ ਪਰ ਯਾਤਰੀਆਂ ਅਨੁਸਾਰ ਜ਼ਖਮੀਆਂ ਦੀ ਸਹਾਇਤਾ ਲਈ ਕੋਈ ਐਂਬੂਲੈਂਸ ਨਹੀਂ ਪਹੁੰਚੀ, ਜਿਸ ਕਾਰਨ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲਿਆ। ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।