ਕਾਂਗਰਸੀ ਸਰਪੰਚ ਦੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਮੌਜੂਦਾ ਕਾਂਗਰਸੀ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ
Publish Date: Sun, 20 Sep 2026 06:43 PM (IST)
Updated Date: Mon, 21 Sep 2026 04:06 AM (IST)
ਫੋਟੋ: 20ਬੀਟੀਐਲ14 ਮ੍ਰਿਤਕ ਸੁਖਰਾਜ ਸਿੰਘ ਉਰਫ ਕਾਕਾ ਦੀ ਫਾਈਲ ਤਸਵੀਰ। ਫੋਟੋ: 20ਬੀਟੀਐਲ15 ਵਿਰਲਾਪ ਕਰਦੇ ਪਰਿਵਾਰਕ ਮੈਂਬਰਾਨ। * ਪਿੰਡ ਦੀ ਫਿਰਨੀ ’ਤੇ ਸਵਿਫਟ ਸਵਾਰ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ * ਪੁਲਿਸ ਨੇ ਪੰਜ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਕੀਤਾ ਦਰਜ ਸਤਪਾਲ ਜ਼ਖਮੀ, ਪੰਜਾਬੀ ਜਾਗਰਣ ਡੇਰਾ ਬਾਬਾ ਨਾਨਕ : ਥਾਣਾ ਡੇਰਾ ਬਾਬਾ ਨਾਨਕ ਦੀ ਹੱਦ ’ਚ ਪੈਂਦੇ ਪਿੰਡ ਪੱਡਾ ਦੇ ਮੌਜੂਦਾ ਕਾਂਗਰਸੀ ਸਰਪੰਚ ਨਵਦੀਪ ਸਿੰਘ ਦੇ ਛੋਟੇ ਭਰਾ ਸੁਖਰਾਜ ਸਿੰਘ ਉਰਫ ਕਾਕਾ (27) ਪੁੱਤਰ ਬਲਕਾਰ ਸਿੰਘ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਸੂਚਨਾ ਮਿਲਣ ’ਤੇ ਥਾਣਾ ਡੇਰਾ ਬਾਬਾ ਨਾਨਕ ਦੇ ਐੱਸਐੱਚਓ ਅਸ਼ੋਕ ਕੁਮਾਰ ਸ਼ਰਮਾ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਜਾਂਚ ਆਰੰਭੀ। ਜਾਣਕਾਰੀ ਦਿੰਦਿਆਂ ਪਿੰਡ ਪੱਡਾ ਦੇ ਮੌਜੂਦਾ ਸਰਪੰਚ ਨਵਦੀਪ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਸੁਖਰਾਜ ਸਿੰਘ ਕਾਕਾ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਬਾਬਾ ਸ੍ਰੀ ਚੰਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੱਖੇ ਗਏ ਸਮਾਗਮ ’ਚ ਨਤਮਸਤਕ ਹੋ ਕੇ ਵਾਪਸ ਪਿੰਡ ਨੂੰ ਆ ਰਿਹਾ ਸੀ ਤੇ ਜਦੋਂ ਇਹ ਪਿੰਡ ਦੀ ਫਿਰਨੀ ’ਤੇ ਪਹੁੰਚਿਆ ਤਾਂ ਇਕ ਸਵਿਫਟ ਗੱਡੀ ’ਤੇ ਸਵਾਰ ਕੁਝ ਨੌਜਵਾਨਾਂ ਨੇ ਉਸ ਉੱਪਰ ਤਾਬੜ-ਤੋੜ ਗੋਲ਼ੀਆਂ ਚਲਾ ਦਿੱਤੀਆਂ, ਜਿਸ ਨਾਲ ਇਸ ਦੀ ਮੌਕੇ ’ਤੇ ਹੀ ਮੌਤ ਹੋਈ ਹੈ। ਸੁਖਰਾਜ ਸਿੰਘ ਕਾਕਾ ਦੀ ਮੌਤ ਦੀ ਖ਼ਬਰ ਸੁਣ ਕੇ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ। ਸਰਪੰਚ ਨਵਦੀਪ ਸਿੰਘ ਨੇ ਦੱਸਿਆ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਛੋਟੇ ਭਰਾ ਸੁਖਰਾਜ ਸਿੰਘ ਉਰਫ ਕਾਕਾ ਉੱਪਰ ਪਿੰਡ ਸ਼ਾਹਪੁਰ ਜਾਜਨ ’ਚ ਜਾਨਲੇਵਾ ਹਮਲਾ ਹੋਇਆ ਸੀ, ਜਿਸ ’ਚ ਉਹ ਜ਼ਖ਼ਮੀ ਹੋ ਗਿਆ ਸੀ ਪਰ ਪੁਲਿਸ ਨੇ ਉਕਤ ਹਮਲਾਵਰਾਂ ਉੱਪਰ ਕੋਈ ਵੀ ਠੋਸ ਕਾਰਵਾਈ ਕਾਰਵਾਈ ਨਹੀਂ ਕੀਤੀ ਸੀ। ਇਸ ਮੌਕੇ ਉਨ੍ਹਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੇ ਐੱਸਐੱਚਓ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੁਖਰਾਜ ਸਿੰਘ ਉਰਫ ਕਾਕਾ ਦੇ ਭਰਾ ਸਰਪੰਚ ਨਵਦੀਪ ਸਿੰਘ ਦੇ ਬਿਆਨਾਂ ’ਤੇ ਤਿੰਨ ਲੋਕਾਂ ਖ਼ਿਲਾਫ਼ ਬਾਈ ਨੇਮ ਤੇ ਦੋ ਅਣਪਛਾਤਿਆਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਨੰਬਰ 199 ਦਰਜ ਕੀਤਾ ਗਿਆ ਹੈ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਗਿਆ ਹੈ ਤੇ ਮੌਕੇ ਤੋਂ ਦੋ ਗੋਲ਼ੀਆਂ ਦੇ ਖੋਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸੁਖਰਾਜ ਸਿੰਘ ਉੱਪਰ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ, ਪਰ ਮੁੱਢਲੀ ਪੁੱਛਗਿੱਛ ਦੌਰਾਨ ਇਹ ਮਾਮਲਾ ਕੋਈ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਜਰਿਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।