ਮੰਦਰ ’ਚੋਂ ਦਿਨ-ਦਿਹਾੜੇ ਪਿੱਤਲ ਦੀ ਘੰਟੀ ਚੋਰੀ
ਦਿਨ-ਦਿਹਾੜੇ ਮੰਦਰ ਵਿੱਚ ਵੜ ਕੇ 30 ਹਜ਼ਾਰ ਰੁਪਏ ਕੀਮਤ ਦੀ ਪਿੱਤਲ ਦੀ ਘੰਟੀ ਚੋਰੀ
Publish Date: Sun, 04 Oct 2026 03:36 PM (IST)
Updated Date: Sun, 04 Oct 2026 03:38 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ: ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਦੇ ਅਧੀਨ ਆਉਂਦੇ ਇਤਿਹਾਸਕ ਅਤੇ ਧਾਰਮਿਕ ਕਸਬਾ ਤਾਲਿਬਪੁਰ ਦੇ ਇੱਕ ਮੰਦਰ ’ਚੋਂ ਦਿਨ-ਦਿਹਾੜੇ ਲਗਭਗ 15 ਕਿਲੋ ਵਜ਼ਨ ਦੀ ਪਿੱਤਲ ਦੀ ਘੰਟੀ ਚੋਰ ਚੋਰੀ ਕਰਕੇ ਲੈ ਗਏ। ਸੀਸੀਟੀਵੀ ’ਚ ਚੋਰਾਂ ਦੀ ਤਸਵੀਰ ਕੈਦ ਹੋਈ ਹੈ, ਜਿਸ ’ਚ ਉਹ ਮੋਟਰਸਾਈਕਲ ’ਤੇ ਆਉਂਦੇ ਅਤੇ ਬੋਰੀ ’ਚ ਪਾ ਕੇ ਕੋਈ ਭਾਰੀ ਚੀਜ਼ ਲੈ ਜਾਂਦੇ ਨਜ਼ਰ ਆ ਰਹੇ ਹਨ। ਚੋਰੀ ਦੀ ਇਹ ਘਟਨਾ ਖਜੂਰੀਆ ਬਿਰਾਦਰੀ ਦੇ ਜਠੇਰਿਆਂ ਦੇ ਸਿੱਧ ਬਾਬਾ ਬਨਖੰਡੀ ਨਾਥ ਮੰਦਰ ’ਚ ਹੋਈ ਹੈ। ਪੰਚਾਇਤ ਮੈਂਬਰ ਜੋਤੀ ਖਜੂਰੀਆ ਅਤੇ ਖਜੂਰੀਆ ਬਿਰਾਦਰੀ ਦੇ ਹੋਰ ਸ਼ਰਧਾਲੂਆਂ ਨੇ ਦੱਸਿਆ ਕਿ ਚੋਰੀ ਹੋਈ ਘੰਟੀ ਦੀ ਕੀਮਤ 25 ਤੋਂ 30 ਹਜ਼ਾਰ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ’ਚ ਚੋਰਾਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਹਨ ਅਤੇ ਪੁਲਿਸ ਨੂੰ ਇਹ ਸੀਸੀਟੀਵੀ ਵੀ ਮੁਹੱਈਆ ਕਰਵਾ ਦਿੱਤੀ ਗਈ ਹੈ। ਉੱਥੇ ਹੀ ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ’ਚ ਪਿੰਡ ਕ੍ਰਿਸ਼ਨਾ ਨਗਰ ਅਤੇ ਜੱਟੂਵਾਲ ਦੇ ਮੰਦਰਾਂ ’ਚੋਂ ਵੀ ਚੋਰੀਆਂ ਹੋਈਆਂ ਸਨ ਅਤੇ ਉਸਦੀ ਸੀਸੀਟੀਵੀ ਫੁਟੇਜ ਵੀ ਇਲਾਕਾ ਨਿਵਾਸੀਆਂ ਵੱਲੋਂ ਸੰਬੰਧਿਤ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੂੰ ਦੇ ਦਿੱਤੀ ਗਈ ਸੀ, ਪਰ ਹਾਲੇ ਤੱਕ ਚੋਰਾਂ ਦਾ ਸੁਰਾਗ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਫੁਟੇਜ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।