ਰਾਵੀ ਪਾਰ ਜਾਣ ਵਾਲਿਆਂ ਨੂੰ ਛੱਡ ਕੇ ਚਲੇ ਗਏ ਮੱਲਾਹ, 5 ਘੰਟੇ ਫਸੇ ਰਹੇ ਲੋਕ ਰਾਵੀ ਦਰਿਆ ਪਾਰ ਜਾਣ ਵਾਲਿਆਂ ਨੂੰ ਛੱਡ ਕੇ ਚਲੇ ਗਏ ਕਿਸ਼ਤੀ ਚਲਾਉਣ ਵਾਲੇ, 5 ਘੰਟੇ ਫਸੇ ਰਹੇ ਲੋਕ
Publish Date: Thu, 03 Sep 2026 06:55 PM (IST)
Updated Date: Fri, 04 Sep 2026 04:04 AM (IST)
- ਰਾਤ ਦਸ ਵਜੇ ਸਮਾਜ ਸੇਵੀਆਂ ਨੇ ਮੌਕੇ ਤੇ ਪਹੁੰਚ ਕੇ ਦਰਿਆ ਦੇ ਪਾਰ ਪਹੁੰਚਾਇਆ ਜੀਆਰਪੀ- ਲੋਕਾਂ ਨੂੰ ਕਿਸ਼ਤੀ ਰਾਹੀਂ ਦਰਿਆ ਪਾਰ ਕਰਾਉਂਦੇ ਸਮਾਜ ਸੇਵੀ। ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਮਕੌੜਾ ਪੱਤਣ ਨੇੜੇ ਰਾਵੀ ਦਰਿਆ ਪਾਰ ਵਸੇ ਸੱਤ ਪਿੰਡਾਂ ਦਾ ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਦਫ਼ਤਰ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ। ਬਰਸਾਤ ਦੇ ਮੌਸਮ ’ਚ ਰਾਵੀ ਦਰਿਆ ’ਚ ਆਏ ਉਫਾਨ ਕਾਰਨ ਪ੍ਰਸ਼ਾਸਨ ਨੇ ਅਸਥਾਈ ਪੁਲ਼ ਨੂੰ ਹਟਾ ਦਿੱਤਾ ਹੈ ਤੇ ਲੋਕਾਂ ਦੀ ਆਵਾਜਾਈ ਲਈ ਇਕ ਕਿਸ਼ਤੀ ਹੀ ਸਹਾਰਾ ਹੈ ਪਰ ਬੁੱਧਵਾਰ ਸ਼ਾਮ ਪੰਜ ਵਜੇ ਕਿਸ਼ਤੀ ਚਾਲਕ ਲੋਕਾਂ ਨੂੰ ਦਰਿਆ ਪਾਰ ਕਰਾਉਣ ਦੀ ਬਜਾਏ ਕੰਢੇ ਤੇ ਛੱਡ ਕੇ ਚਲੇ ਗਏ। ਇਸ ਦੌਰਾਨ ਕਰੀਬ ਦਰਜਨ ਭਰ ਲੋਕ ਦਰਿਆ ਪਾਰ ਜਾਣ ਦੀ ਉਡੀਕ ਕਰਦੇ ਰਹੇ। ਇਸ ਦੌਰਾਨ ਲੋਕਾਂ ਦੇ ਫੋਨ ਕਰਨ ਤੇ ਸਮਾਜ ਸੇਵੀ ਸੰਸਥਾ ਦੇ ਆਗੂਆਂ ਨੇ ਰਾਤ ਕਰੀਬ 10 ਵਜੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਦਰਿਆ ਪਾਰ ਕਰਵਾਇਆ। ਜਾਣਕਾਰੀ ਅਨੁਸਾਰ ਮਕੌੜਾ ਪੱਤਣ ਦੇ ਰਸਤੇ ਰਾਵੀ ਦਰਿਆ ਦੇ ਉਸ ਪਾਰ ਸਥਿਤ ਸੱਤ ਪਿੰਡਾਂ ਦੇ ਲੋਕ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਇਸੇ ਕਿਸ਼ਤੀ ਸੇਵਾ ਤੇ ਨਿਰਭਰ ਹਨ। ਪਿਛਲੇ ਦਿਨ ਸ਼ਾਮ ਕਰੀਬ ਚਾਰ ਵਜੇ ਕਿਸ਼ਤੀ ਚਾਲਕ ਉਨ੍ਹਾਂ ਨੂੰ ਦਰਿਆ ਪਾਰ ਕਰਾਉਣ ਦੀ ਬਜਾਏ ਕੰਢੇ ਤੇ ਛੱਡ ਕੇ ਚਲੇ ਗਏ। ਇਸ ਨਾਲ ਲੋਕ ਦਰਿਆ ਪਾਰ ਜਾਣ ਲਈ ਕਈ ਘੰਟੇ ਇੰਤਜ਼ਾਰ ਕਰਦੇ ਰਹੇ। ਦੇਰ ਰਾਤ ਕਰੀਬ ਦਸ ਵਜੇ ਜਦੋਂ ਯਾਤਰੀ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਸਨ ਉਦੋਂ ਸਰਬੱਤ ਦਾ ਭਲਾ ਸੁਸਾਇਟੀ ਦੇ ਮੈਂਬਰ ਮੌਕੇ ਤੇ ਪਹੁੰਚੇ। ਉਨ੍ਹਾਂ ਕਿਸ਼ਤੀ ਰਾਹੀਂ ਲੋਕਾਂ ਨੂੰ ਸੁਰੱਖਿਅਤ ਦਰਿਆ ਦੇ ਪਾਰ ਪਹੁੰਚਾਇਆ। ਕਰਮਚਾਰੀਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ : ਐਕਸੀਅਨ ਇਸ ਪੂਰੇ ਮਾਮਲੇ ਤੇ ਐਕਸੀਅਨ ਬੀ ਐਂਡ ਆਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਕਿਸ਼ਤੀ ਚਲਾਉਣ ਲਈ ਕੁੱਲ ਤਿੰਨ ਕਰਮਚਾਰੀ ਹਨ, ਜਿਨ੍ਹਾਂ ’ਚੋਂ ਇੱਕ ਸਰਕਾਰੀ ਮੁਲਾਜ਼ਮ ਹੈ, ਜਦਕਿ ਦੋ ਨਿੱਜੀ ਤੌਰ ਤੇ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਕਰਮਚਾਰੀ ਬੀਮਾਰ ਹੋਣ ਕਾਰਨ ਗ਼ੈਰ-ਹਾਜ਼ਰ ਸੀ ਜਦਕਿ ਨਿੱਜੀ ਕਰਮਚਾਰੀ ਵੀ ਬਿਨਾਂ ਕਿਸੇ ਪੂਰਵ ਸੂਚਨਾ ਦੇ ਡਿਊਟੀ ਛੱਡ ਕੇ ਚਲੇ ਗਏ। ਇਸੇ ਕਾਰਨ ਇਹ ਪਰੇਸ਼ਾਨੀ ਪੈਦਾ ਹੋਈ। ਉਨ੍ਹਾਂ ਸਪੱਸ਼ਟ ਕੀਤਾ ਕਿ ਦੋਵਾਂ ਨਿੱਜੀ ਕਰਮਚਾਰੀਆਂ ਨੂੰ ਸਖ਼ਤ ਚਿਤਾਵਨੀ ਦੇ ਦਿੱਤੀ ਗਈ ਹੈ ਅਤੇ ਜੇਕਰ ਭਵਿੱਖ ’ਚ ਅਜਿਹੀ ਲਾਪਰਵਾਹੀ ਦੁਹਰਾਈ ਗਈ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।