ਵਾਤਾਵਰਣ ਨਿਯਮਾਂ ਦੀਆਂ ਉੱਡੀਆਂ ਧੱਜੀਆਂ, ਕੀਮਤੀ ਦਰੱਖਤਾਂ ਦਾ ਸਫਾਇਆ ਵਾਤਾਵਰਣ ਨਿਯਮਾਂ ਦੀਆਂ ਸ਼ਰੇਆਮ ਉੱਡੀਆਂ ਧੱਜੀਆਂ:
Publish Date: Fri, 13 Nov 2026 05:40 PM (IST)
Updated Date: Sat, 14 Nov 2026 04:03 AM (IST)
ਫੋਟੋ:13ਬੀਟੀਐਲ06 ਕੱਟੇ ਗਏ ਦਰੱਖਤਾਂ ਦੀ ਤਸਵੀਰ। ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ ਫ਼ਤਿਹਗੜ੍ਹ ਚੂੜੀਆਂ : ਸਥਾਨਕ ਬਿਜਲੀ ਬੋਰਡ ਦੀ ਹਦੂਦ ਅੰਦਰ ਵਾਤਾਵਰਣ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦਿਆਂ ਰਾਤੋ-ਰਾਤ ਕੀਮਤੀ ਦਰੱਖਤਾਂ ਦਾ ਸਫ਼ਾਇਆ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਟ੍ਰਾਂਸਫਾਰਮਰ ਵਰਕਸ਼ਾਪ ਦੇ ਨਾਲ-ਨਾਲ ਗਰਿੱਡ ਨੂੰ ਜਾਂਦੀ ਸੜਕ ਦੇ ਦੋਵਾਂ ਪਾਸਿਆਂ ਤੋਂ 10 ਤੋਂ 15 ਸਾਲ ਪੁਰਾਣੇ ਅਮਲਤਾਸ ਤੇ ਹੋਰ ਕੀਮਤੀ ਸਜਾਵਟੀ ਰੁੱਖ ਬਿਨਾਂ ਕਿਸੇ ਸਰਕਾਰੀ ਟੈਂਡਰ ਜਾਂ ਮਨਜ਼ੂਰੀ ਦੇ ਕੱਟ ਦਿੱਤੇ ਗਏ ਹਨ। ਇਸ ਘਟਨਾ ਨੇ ਜਿੱਥੇ ਵਾਤਾਵਰਣ ਪ੍ਰੇਮੀਆਂ ’ਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ, ਉੱਥੇ ਹੀ ਮਹਿਕਮੇ ਦੀ ਕਾਰਗੁਜ਼ਾਰੀ ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਪੂਰਾ ਮਾਮਲਾ ਡੂੰਘੀ ਜਾਂਚ ਦਾ ਵਿਸ਼ਾ ਬਣ ਗਿਆ ਹੈ। ਇਸ ਸਬੰਧੀ ਜਦੋਂ ਐੱਸਡੀਓ ਸਿਟੀ ਕ੍ਰਿਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੱਲਾ ਝਾੜਦਿਆਂ ਕਿਹਾ ਕਿ ਇਹ ਇਲਾਕਾ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ, ਸਗੋਂ ਇਹ ਟੀ.ਆਰ.ਡਬਲਯੂ ਵਿਭਾਗ ਦੇ ਅੰਡਰ ਆਉਂਦਾ ਹੈ। ਇਸ ਸਬੰਧੀ ਜਦੋਂ ਕੰਟਰੋਲ ਰੂਮ ਦੇ ਜੇਈ ਸੰਜੀਵ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਥੇ ਲੋਕ ਨਸ਼ੇ ਕਰਦੇ ਸੀ ਇਸ ਲਈ ਸਫਾਈ ਕਰਵਾਈ ਹੈ। ਦੂਜੇ ਪਾਸੇ, ਜਦੋਂ ਇਸ ਸਬੰਧੀ ਜੰਗਲਾਤ ਅਧਿਕਾਰੀ ਅਮਨਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ, ਉਹ ਮੌਕੇ ਦਾ ਜਾਇਜ਼ਾ ਲੈ ਕੇ ਇਸ ਬਾਰੇ ਪੂਰੀ ਇਨਕੁਆਰੀ ਕਰਨਗੇ ਤੇ ਆਪਣੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪਣਗੇ।